ਚੰਡੀਗੜ੍ਹ: 9 ਮਾਰਚ, ਦੇਸ਼ ਕਲਿੰਕ ਬਿਓਰੋ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਪੰਜਾਬ ਵਿਧਾਨ ਸਭਾ ਦੇ ਸ਼ੈਸਨ ਦੇ ਸਮਾਨਅੰਤਰ 9 ਤੋਂ 11 ਮਾਰਚ ਤੱਕ ਪੰਜਾਬ ਅਤੇ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮੁਲਾਜ਼ਮ ਮੰਗਾਂ ਲਈ ਚਲਾਏ ਜਾ ਰਹੇ ਸ਼ੈਸ਼ਨ ਵਿੱਚ ਪੂਰੇ ਪੰਜਾਬ ਵਿੱਚੋਂ 11 ਮਾਰਚ ਨੂੰ ਵੱਡੀ ਗਿਣਤੀ ਵਿੱਚ ਭਰਵੀਂ ਸਮੂਲੀਅਤ ਕੀਤੀ ਜਾਵੇਗੀ। ਡੀਟੀਐਫ ਦੇ ਸੂਬਾ ਪ੍ਰਧਾਨ ਵਿਗਵਿਜੇ ਪਾਲ ਸ਼ਰਮਾ, ਜਨਰਲ ਸਕੱਤਰ ਬਲਵੀਰ ਲੌਂਗੋਵਾਲ ਨੇ ਕਿਹਾ ਕਿ ਅਧਿਆਪਕਾਂ, ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨਾ, , ਨਵੀਆਂ ਪੈਨਸ਼ਨ ਸਕੀਮਾਂ ਅਧੀਨ ਭਰਤੀ ਕੀਤੇ ਵੱਖ ਵੱਖ ਕਰਮਚਾਰੀਆਂ ਨੂੰ ਵੀ ਪੁਰਾਣੀ ਪੈਨਸ਼ਨ ਸਕੀਮ ਅਧੀਨ ਲਿਆਉਣਾ, ਕੰਪਿਊਟਰ ਅਤੇ ਐਨ. ਐਸ. ਕਿਊ. ਐਫ. ਅਧਿਆਪਕਾਂ ਨੂੰ ਪੂਰੀ ਤਨਖਾਹ ਸਮੇਤ ਸਿੱਖਿਆ ਵਿਭਾਗ ਵਿੱਚ ਮਰਜ ਕਰਨਾ, ਸਮੁੱਚੇ ਮੁਲਾਜ਼ਮਾਂ ਦੇ
ਪਿਛਲੀ ਸਰਕਾਰ ਵੱਲੋਂ ਕੱਟੇ ਭੱਤੇ ਬਹਾਲ ਕਰਨਾ, ਮਾਣ ਭੱਤਾ ਵਰਕਰਾਂ ਦੀਆਂ ਘੱਟੋ-ਘੱਟ ਉਜਰਤਾਂ ਤੈਅ ਕਰਨਾ, ਨਵੀਂ ਸਿੱਖਿਆ ਨੀਤੀ - 2020 ਰੱਦ ਕਰਨਾ, ਅਤੇ ਹੋਰ ਸੈਂਕੜੇ ਮੰਗਾਂ 'ਤੇ ਸਰਕਾਰ ਵੱਲੋਂ ਕੁੱਝ ਨਹੀਂ ਕੀਤਾ ਜਾ ਰਿਹਾ।
ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਔਜਲਾ, ਸੂਬਾ ਜਥੇਬੰਦਕ ਸਕੱਤਰ ਕਰਨੈਲ ਸਿੰਘ ਚਿੱਟੀ, ਸੂਬਾ ਮੀਤ ਪ੍ਰਧਾਨ ਸੁਖਵਿੰਦਰ' ਸੁੱਖੀ ', ਵਿੱਤ ਸਕੱਤਰ ਜਸਵਿੰਦਰ ਬਠਿੰਡਾ ਤੇ ਪ੍ਰੈੱਸ ਸਕੱਤਰ ਗੁਰਮੀਤ ਕੋਟਲੀ ਨੇ ਕਿਹਾ ਕਿ ਭਗਵੰਤ ਸਿੰਘ' ਮਾਨ' ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਇਹਨਾਂ ਮੰਗਾਂ ਦੀ ਪੂਰਤੀ ਦੇ ਵਾਅਦੇ ਕੀਤੇ ਗਏ ਸਨ । ਪਰ ਇਹ ਸਰਕਾਰ ਲਗਾਤਾਰ ਇਹਨਾਂ ਮੰਗਾਂ ਤੋਂ ਭੱਜ ਰਹੀ ਹੈ। ਜੇਕਰ ਇਸ ਵਿਧਾਨ ਸਭਾ ਦੇ ਸ਼ੈਸਨ ਦੌਰਾਨ ਇਹਨਾਂ ਮੰਗਾਂ ਤੇ ਸਰਕਾਰ ਵੱਲੋਂ ਠੋਸ ਫੈਸਲੇ ਨਾ ਲਏ ਗਏ ਤਾਂ ਅਧਿਆਪਕ ਅਤੇ ਸਮੁੱਚੇ ਮੁਲਾਜ਼ਮ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਆਗੂਆਂ ਨੇ ਸਮੂਹ ਅਧਿਆਪਕਾਂ ਨੂੰ ਡੀਟੀਐਫ ਦੇ ਝੰਡੇ ਹੇਠ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।