ਨਵੀਂ ਦਿੱਲੀ, 1 ਮਾਰਚ, ਦੇਸ਼ ਕਲਿੱਕ ਬਿਓਰੋ :
ਹੌਲੀ ਤੋਂ ਪਹਿਲਾਂ ਕਰਨਾਟਕ ਦੀ ਸੂਬਾ ਸਰਕਾਰ ਨੇ ਮੁਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਦਿੱਤੀ ਹੈ। ਕਰਨਾਟਕ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਬਸਵਰਾਜ ਬੋਮੱਈ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ 17 ਫੀਸਦੀ ਤਨਖਾਹ ਵਾਧੇ ਦਾ ਐਲਾਨ ਕੀਤਾ ਗਿਆ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਵਧੀਕ ਮੁੱਖ ਸਕੱਤਰ (ਵਿੱਤ) ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਹੋਰ ਰਾਜਾਂ ਵਿਚ ਨਵੀਂ ਪੈਨਸ਼ਨ ਸਕੀਮ, ਵਿੱਤੀ ਮਾਮਲਿਆਂ ਅਤੇ ਹੋਰਨਾਂ ਮੁੱਦਿਆਂ ਦਾ ਅਧਿਐਨ ਕਰੇਗੀ ਅਤੇ ਫਿਰ ਇੱਕ ਵਿਸਤ੍ਰਿਤ ਰਿਪੋਰਟ ਪੇਸ਼ ਕਰੇਗੀ। ਦੂਜੇ ਪਾਸੇ ਸਰਕਾਰੀ ਕਰਮਚਾਰੀਆਂ ਨੇ ਤਨਖਾਹਾਂ 'ਚ ਵਾਧੇ ਦਾ ਸਰਕਾਰ ਤੋਂ ਭਰੋਸਾ ਮਿਲਣ ਪਿੱਛੋਂ ਆਪਣੀ ਅਣਮਿੱਥੇ ਸਮੇਂ ਲਈ ਹੜਤਾਲ ਖਤਮ ਕਰ ਦਿੱਤੀ ਹੈ। ਸੂਬਾ ਸਰਕਾਰ ਦੇ ਕਰਮਚਾਰੀਆਂ ਨੇ ਵੀ 7ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਬੈਂਗਲੁਰੂ ਦੇ ਬ੍ਰੁਹਤ ਬੈਂਗਲੁਰੂ ਮਹਾਨਗਰ ਪਾਲਿਕਾ (ਬੀਬੀਐੱਮਪੀ) ਕੰਪਲੈਕਸ 'ਚ ਪ੍ਰਦਰਸ਼ਨ ਕੀਤਾ।
ਮੁਲਾਜ਼ਮਾਂ ਨੇ ਕਰਨਾਟਕ ਸਰਕਾਰ ਅੱਗੇ 3 ਵੱਡੀਆਂ ਮੰਗਾਂ ਰੱਖੀਆਂ ਸਨ, ਜਿਨ੍ਹਾਂ ਵਿਚ ਸੱਤਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਅਤੇ ਘੱਟੋ-ਘੱਟ 40 ਫੀਸਦੀ ਫਿਟਮੈਂਟ ਸੁਵਿਧਾਵਾਂ ਸਥਾਪਤ ਕਰਨਾ ਸ਼ਾਮਲ ਹਨ।