ਮੋਰਿੰਡਾ, 26 ਫਰਵਰੀ( ਭਟੋਆ)
ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਰੋਪੜ ਦੀ ਇਕ ਕਨਵੈਨਸ਼ਨ ਮੋਰਿੰਡਾ ਵਿਖੇ ਸਰਕਲ ਪ੍ਰਧਾਨ ਸਾਥੀ ਦਵਿੰਦਰ ਸਿੰਘ ਸੰਗਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਕਨਵੈਨਸ਼ਨ ਵਿੱਚ ਪੂਰੇ ਸਰਕਲ ਦੇ ਪ੍ਰਤੀਨਿਧ ਕਾਮਿਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।
ਇਸ ਕਨਵੈਨਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਰਿਟਾ. ਆਗੂ ਜਗਦੀਸ਼ ਕੁਮਾਰ ਨੇ ਦੱਸਿਆ ਕਿ ਇਸ ਮੌਕੇ 'ਤੇ ਸੂਬਾਈ ਆਗੂਆਂ ਜਸਵਿੰਦਰ ਸਿੰਘ ਅਤੇ ਸੰਤੋਖ ਸਿੰਘ ਨੇ ਵਿਸ਼ੇਸ਼ ਤੌਰ 'ਤੇ ਭਾਗ ਲਿਆ। ਸਟੇਜ ਸੰਚਾਲਨ ਸਰਕਲ ਸਕੱਤਰ ਸਾਥੀ ਤਰਸੇਮ ਲਾਲ ਨੇ ਕੀਤਾ। ਉਨ੍ਹਾਂ ਪਾਵਰਕੌਮ ਦੇ ਕਾਮਿਆਂ ਦੀਆਂ ਮੰਗਾਂ ਪ੍ਰਤੀ ਵਿਸਥਾਰ ਵਿੱਚ ਵਿਆਖਿਆ ਕੀਤੀ। ਉਨ੍ਹਾਂ ਦੱਸਿਆ ਕਿ ਪਾਵਰਕੌਮ ਮੈਨੇਜਮੈਂਟ ਨਿੱਜੀਕਰਨ, ਉਦਾਰੀਕਰਨ, ਵਿਸ਼ਵੀਕਰਨ ਦੀਆਂ ਨੀਤੀਆਂ ਨੂੰ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਤਹਿਤ ਬਹੁਤ ਤੇਜ਼ੀ ਨਾਲ ਲਾਗੂ ਕਰ ਰਹੀ ਹੈ। ਜਿਸਦੇ ਸਿੱਟੇ ਵੱਜੋਂ ਕਾਮਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਤੇ ਬਿਜਲੀ ਕਾਮਿਆਂ ਤੇ ਕੰਮ ਦਾ ਬੋਝ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰੀ ਪ੍ਰਬੰਧ ਤਹਿਤ ਕਰਵਾਏ ਜਾ ਰਹੇ ਕੰਮਾਂ ਦਾ ਮਿਆਰ ਡਿੱਗਣ ਨਾਲ ਹਾਦਸੇ ਵਧ ਰਹੇ ਹਨ। ਬਿਜਲੀ ਕਾਮੇ ਇਨ੍ਹਾਂ ਨੀਤੀਆਂ ਕਾਰਨ ਬੇਵਕਤੀ ਮੌਤ ਦੇ ਮੂੰਹ ਧੱਕ ਦਿੱਤੇ ਜਾ ਰਹੇ ਹਨ। ਰਿਟਾਇਰ ਸਾਥੀ ਜਗਦੀਸ਼ ਕੁਮਾਰ, ਰਾਜਿੰਦਰ ਸਿੰਘ ਨੇ ਬਿਜਲੀ ਕਾਮਿਆਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ 'ਇਕੱਲੇ ਇਕੱਲੇ ਮਾਰ ਨਾ ਖਾਉ-ਇਕੱਠੇ ਹੋਕੇ ਅੱਗੇ ਆਓ' ਦੇ ਨਾਹਰੇ ਨੂੰ ਬੁਲੰਦ ਕਰਦੇ ਹੋਏ ਸਾਂਝੇ ਸੰਘਰਸ਼ ਦਾ ਸੂਹਾ ਪਰਚਮ ਬੁਲੰਦ ਕਰੀਏ। ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਕੋਲੋਂ ਜ਼ੋਰਦਾਰ ਮੰਗ ਕੀਤੀ ਕਿ ਬਿਜਲੀ ਕਾਮਿਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਪ੍ਰਵਾਨ ਕੀਤੀਆਂ ਜਾਣ। ਇਸ ਸਮੇਂ ਧਰਮ ਚੰਦ, ਸੰਜੀਵ ਕੁਮਾਰ, ਰਣਧੀਰ ਸਿੰਘ, ਹਰਪ੍ਰੀਤ ਸਿੰਘ , ਸ਼ੇਰ ਸਿੰਘ ਆਦਿ ਆਗੂਆਂ ਨੇ ਮੰਗ ਪੱਤਰ ਸਬੰਧੀ ਬਹੁਤ ਸਾਰੇ ਸੁਝਾਅ ਦਿੱਤੇ। ਕਨਵੈਨਸ਼ਨ ਵਿਚ ਸਰਕਲ ਆਗੂ ਰਾਮਕਿਸ਼ਨ ਡਵੀਜ਼ਨ ਆਗੂ ਰੁਲਦਾ ਸਿੰਘ ਖਮਾਣੋਂ ਰਿਟਾਇਰ ਸਾਥੀ ਜਗਦੀਸ਼ ਕੁਮਾਰ , ਭਜਨ ਸਿੰਘ, ਅਵਤਾਰ ਸਿੰਘ, ਭਾਗ ਸਿੰਘ ਦੀ ਅਗਵਾਈ ਵਿੱਚ ਰਿਟਾਇਰ ਕਾਮੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।