ਬੇਰੁਜ਼ਗਾਰ ਅਧਿਆਪਕ 25 ਨੂੰ ਕਰਨਗੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
ਦਲਜੀਤ ਕੌਰ
ਚੰਡੀਗੜ੍ਹ/ਸੰਗਰੂਰ, 17 ਫਰਵਰੀ, 2023: ਆਪਣੀਆਂ ਹੱਕੀ ਮੰਗਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ (ਪੰਜਾਬ) ਦੀ ਅੱਜ ਸਿੱਖਿਆਂ ਮੰਤਰੀ ਹਰਜੋਤ ਬੈਂਸ ਨਾਲ ਹੋਈ ਮੀਟਿੰਗ ਪੂਰੀ ਤਰ੍ਹਾਂ ਬੇਸਿੱਟਾ ਰਹੀ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਜਰਨਲ ਸਕੱਤਰ ਗਗਨਦੀਪ ਕੌਰ ਗਰੇਵਾਲ, ਸੂਬਾ ਕਮੇਟੀ ਮੈਂਬਰ ਸੁਖਪਾਲ ਖਾਨ ਅਤੇ ਸੰਦੀਪ ਮੋਫ਼ਰ ਨੇ ਦੱਸਿਆ ਕਿ ਅੱਜ ਉਹਨਾਂ ਦੀ ਜੱਥੇਬੰਦੀ ਦੀ ਮੀਟਿੰਗ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਚੰਡੀਗੜ੍ਹ ਉਹਨਾਂ ਦੀ ਰਿਹਾਇਸ਼ ਵਿਖੇ ਹੋਈ। ਮੀਟਿੰਗ ਵਿੱਚ ਸਿੱਖਿਆ ਮੰਤਰੀ ਨੂੰ ਉਹਨਾਂ ਨੇ ਆਪਣੀ ਜੱਥੇਬੰਦੀ ਦੀਆਂ ਮੁੱਖ ਮੰਗਾਂ ਜਿਵੇਂ ਕਿ ਮਾਸਟਰ ਕੇਡਰ ਦੀ ਵੱਡੀ ਗਿਣਤੀ ਵਿੱਚ ਨਵੀਂ ਭਰਤੀ, ਨੌਕਰੀ ਲਈ ਬੀ.ਏ. ਭਾਵ ਗ੍ਰੇਜੂਏਸਨ ਵਿੱਚੋਂ 55% ਦੀ ਸ਼ਰਤ ਨੂੰ ਰੱਦ ਕਰਨ, ਸਕੂਲ ਲੈਕਚਰਾਰ ਦੀ ਭਰਤੀ ਜਿਸਦਾ ਪੇਪਰ 19 ਮਾਰਚ ਨੂੰ ਹੋਣਾ ਹੈ ਉਸ ਵਿੱਚ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਸ਼ਾਮਿਲ ਕਰਨ, ਨੌਕਰੀ ਲਈ ਪੰਜਾਬੀ ਵਿਸ਼ੇ ਦਾ ਪੇਪਰ ਕੇਵਲ ਦੂਜੇ ਰਾਜਾਂ ਦੇ ਉਮੀਦਵਾਰਾਂ ਤੋਂ ਲੈਣ ਆਦਿ ਮੰਗਾਂ ਸੰਬੰਧੀ ਜਾਣੂ ਕਰਵਾਇਆ ਗਿਆ, ਪਰ ਅਫਸੋਸ ਸਿੱਖਿਆ ਵਿੱਚ ਸੁਧਾਰਾਂ ਦੀਆਂ ਗੱਲਾਂ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਉਹਨਾਂ ਦੀਆਂ ਮੰਗਾਂ ਨੂੰ ਮੰਨਣ ਤੋਂ ਸਾਫ ਇੰਨਕਾਰ ਕਰ ਦਿੱਤਾ ਹੈ।
ਯੂਨੀਅਨ ਜਰਨਲ ਸਕੱਤਰ ਗਗਨਦੀਪ ਕੌਰ ਭਵਾਨੀਗੜ੍ਹ ਨੇ ਦੱਸਿਆ ਕਿ ਉਹਨਾਂ ਦੀ ਜੱਥੇਬੰਦੀ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ। ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਉਹਨਾਂ ਦੇ ਦੋ ਸਾਥੀ ਮੁਨੀਸ਼ ਫਾਜ਼ਿਲਕਾ ਤੇ ਜਸਵੰਤ ਘੁਬਾਇਆ ਲਗਾਤਾਰ ਪੰਜ ਮਹੀਨੇ ਪਹਿਲਾਂ ਸੰਗਰੂਰ ਤੇ ਫਿਰ ਜਲੰਧਰ ਪਾਣੀ ਵਾਲੀ ਟੈਂਕੀ ਉੱਪਰ ਬੈਠੇ ਰਹੇ ਨੇ ਪਰ ਅਜੇ ਤੱਕ ਉਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੋਇਆ। ਕਾਂਗਰਸ ਸਰਕਾਰ ਦੇ ਸਮੇਂ ਆਮ ਆਦਮੀ ਪਾਰਟੀ ਦੇ ਆਗੂਆਂ ਜਿਵੇਂ ਕਿ ਭਗਵੰਤ ਮਾਨ, ਮੀਤ ਹੇਅਰ, ਹਰਜੋਤ ਬੈਂਸ ਆਦਿ ਨੇ ਭਰੋਸਾ ਦਿਵਾਇਆ ਸੀ ਕਿ ਸਾਡੀ ਸਰਕਾਰ ਆਉਣ ਤੇ ਤੁਹਾਡੀਆਂ ਸਾਰੀਆਂ ਮੰਗਾਂ ਦਾ ਹੱਲ ਕਰਾਂਗੇ ਜ਼ੋ ਸਰਾਸਰ ਜਾਇਜ਼ ਹਨ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਤੋਂ ਲਗਾਤਾਰ ਭੱਜ ਰਹੀ ਹੈ।
ਅੱਜ ਦੀ ਮੀਟਿੰਗ ਸਿੱਖਿਆ ਮੰਤਰੀ ਨਾਲ ਬੇਸਿੱਟਾ ਰਹਿਣ ਤੋਂ ਬਾਅਦ ਯੂਨੀਅਨ ਦੀ ਸੂਬਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਆਉਣ ਵਾਲੀ 25 ਫ਼ਰਵਰੀ ਨੂੰ ਆਨੰਦਪੁਰ ਸਾਹਿਬ ਵਿਖੇ ਸਥਿਤ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਤੇ ਜਿੱਥੇ ਵੀ ਸਿੱਖਿਆ ਮੰਤਰੀ ਜਾਣਗੇ ਉਹਨਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।