ਮੋਰਿੰਡਾ, 17 ਫਰਵਰੀ ( ਭਟੋਆ)
ਪੀ. ਡਬਲਯੂ. ਡੀ. ਜਲ ਸਪਲਾਈ ਅਤੇ ਸੈਨੀਟੇਸ਼ਨ ਸਿੰਚਾਈ ਡਰੇਨਜ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜੱਥੇਬੰਦੀ ਟੈਕਨੀਕਲ ਐਂਡ ਇੰਪਲਾਈਜ਼ ਯੂਨੀਅਨ ਬਰਾਂਚ ਰੋਪੜ੍ਹ ਦੀ ਮੀਟਿੰਗ ਡਵੀਜ਼ਨ ਰੋਪੜ ਦੇ ਫੀਲਡ ਕਾਮਿਆਂ ਦੀਆਂ ਮੰਗਾਂ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਰੋਪੜ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਮਾਇਕਲ ਨਾਲ ਡਵੀਜ਼ਨ ਦਫਤਰ ਵਿਖੇ ਹੋਈ।
ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆ ਬਰਾਂਚ ਪ੍ਰਧਾਨ ਬ੍ਰਹਮ ਪਾਲ ਸਹੋਤਾ ਨੇ ਦੱਸਿਆ ਕਿ ਡਵੀਜ਼ਨ ਅਧੀਨ ਜਲ ਸਪਲਾਈ ਸਕੀਮਾਂ ਤੇ ਦਫਤਰਾਂ 'ਚ ਮੁਲਾਜਮਾਂ ਦੀ ਘਾਟ ਨੂੰ ਵੇਖਦਿਆਂ ਜਲ ਸਪਲਾਈ ਸਕੀਮਾਂ ਤੋਂ ਫੀਲਡ ਕਾਮਿਆਂ ਨੂੰ ਹਟਾ ਕੇ ਦਫਤਰਾਂ ਵਿੱਚ ਨਾ ਲਗਾਇਆ ਜਾਵੇ, ਕਿਉਂਕਿ ਅਜਿਹਾ ਹੋਣ ਨਾਲ ਪਿੰਡਾਂ ਦੀ ਪਾਣੀ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਅਤੇ ਉਪ ਮੰਡਲ ਇੰਜੀਨੀਅਰ ਨੰਬਰ 1 ਰੋਪੜ ਵਲੋਂ ਵਿਭਾਗ ਜਾਂ ਪੰਜਾਬ ਸਰਕਾਰ ਤੋਂ ਪੇਂਡੂ ਜਲ ਸਪਲਾਈ ਸਕੀਮਾਂ ਤੇ ਮੁਲਾਜ਼ਮਾਂ ਦੀ ਸੰਵਿਧਾਨਕ ਭਰਤੀ ਦੀ ਮੰਗ ਕਰਨ ਦੀ ਬਜਾਏ ਸਗੋਂ ਭ੍ਰਿਸ਼ਟਾਚਾਰ ਢੰਗ ਨਾਲ ਹੋਰ ਕੰਮਾਂ 'ਤੇ ਪੈਸੇ ਖਰਚੇ ਦਿਖਾ ਕੇ ਗੈਰ-ਕਾਨੂੰਨੀ ਢੰਗ ਨਾਲ ਸਕੀਮਾਂ ਤੇ ਵਰਕਰਾਂ ਦੀ ਭਰਤੀ ਕੀਤੀ ਜਾਂਦੀ ਹੈ ਅਤੇ ਸਕੀਮਾਂ ਨੂੰ ਚੱਲਦਾ ਰੱਖਣ ਨਾਲ ਜਾਅਲੀ ਬਿਲ ਪਾਏ ਜਾ ਰਹੇ ਹਨ, ਜਿਸ ਬਾਰੇ ਕਾਰਜਕਾਰੀ ਇੰਜੀਨੀਅਰ ਨੇ ਭਰੋਸਾ ਦਿੱਤਾ ਕਿ ਦਫਤਰ ਵਿਚ ਚੌਕੀਦਾਰ ਦੀ ਡਿਊਟੀ ਦਾ ਰੋਸਟਲ ਤਿਆਰ ਕੀਤਾ ਜਾਵੇਗਾ ਬਰਾਬਰ ਕੰਮ ਬਰਾਬਰ ਤਨਖਾਹ ਦੇ ਬਕਾਏ ਸਬੰਧੀ ਰਹਿੰਦੇ ਮੁਲਾਜ਼ਮਾਂ ਦੀਆਂ ਸੂਚੀਆਂ ਤਿਆਰ ਕਰਕੇ ਸਰਕਾਰ ਨੂੰ ਭੇਜ ਦਿੱਤੀਆਂ ਜਾਣਗੀਆਂ, ਵਰਦੀਆਂ ਤੇ ਸਪੈਸ਼ਲ ਇੰਕਰੀਮੈਂਟ ਦੇ ਬਕਾਏ ਤਿਆਰ ਕੀਤੇ ਜਾ ਰਹੇ ਹਨ ਅਤੇ ਜਗਾੜੂ ਭਰਤੀ ਸਬੰਧੀ ਕਾਰਵਾਈ ਕੀਤੀ ਜਾਵੇਗੀ।