ਦਲਜੀਤ ਕੌਰ
ਸੰਗਰੂਰ, 11 ਫਰਵਰੀ 2023: ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਬੇਰੁਜ਼ਗਾਰ ਈਟੀਟੀ ਟੈੱਟ ਪਾਸ 2364 ਸੰਘਰਸ਼ ਕਮੇਟੀ ਪੰਜਾਬ ਈਟੀਟੀ 2364 ਅਧਿਆਪਕਾਂ ਦੀ ਭਰਤੀ ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਕਰਦੀ ਆ ਰਹੀ ਹੈ। ਪੰਜਾਬ ਸਰਕਾਰ ਲਗਾਤਾਰ ਬੇਰੁਜ਼ਗਾਰ ਅਧਿਆਪਕਾਂ ਨਾਲ਼ ਮੀਟਿੰਗ ਦੇ ਵਿਚ ਭਰੋਸਾ ਦੇ ਰਹੀ ਹੈ ਕਿ ਅਸੀਂ ਜਲਦ ਤੁਹਾਡੇ ਮਸਲੇ ਹੱਲ ਕਰਾਂਗੇ ਪਰ ਪੰਜਾਬ ਸਰਕਾਰ ਈਟੀਟੀ 2364 ਅਧਿਆਪਕਾਂ ਦੀ ਭਰਤੀ ਨੂੰ ਅੱਜ ਤੱਕ ਪੂਰਾ ਨਹੀਂ ਕਰਵਾ ਸਕੀ। 2364 ਭਰਤੀ ਤੇ ਚੱਲ ਰਹੇ ਕੋਰਟ ਕੇਸ ਵਿਚ ਪੰਜਾਬ ਸਰਕਾਰ ਹਾਈਕੋਰਟ ਵਿਚ ਇੱਕ ਹਲਫ਼ਨਾਮਾ ਦਾਇਰ ਕਰ ਚੁੱਕੀ ਹੈ। ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਏ.ਜੀ ਪੰਜਾਬ ਨੂੰ ਅਗਲੀ ਸੁਣਵਾਈ ਵਿਚ ਭੇਜ ਕੇ ਭਰਤੀ ਨੂੰ ਹਰ ਹਾਲਤ ਵਿਚ ਬਹਾਲ ਕਰਵਾਇਆ ਜਾਵੇ ਤਾਂ ਜੋ 2364 ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਮਿਲ ਸਕੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਰਿੰਦਰਪਾਲ ਗੁਰਦਾਸਪੁਰ ਨਾਲ ਵੋਟਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਪਹਿਲ ਦੇ ਆਧਾਰ ਤੇ ਬੇਰੁਜ਼ਗਾਰ ਅਧਿਆਪਕਾਂ ਦੇ ਮਸਲੇ ਹੱਲ ਕੀਤੇ ਜਾਣਗੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ ਪਰ ਬੇਰੁਜ਼ਗਾਰ ਅਧਿਆਪਕਾਂ ਦੇ ਮਸਲੇ ਹੱਲ ਨਹੀਂ ਕੀਤੇ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਸੁਰਿੰਦਰਪਾਲ ਗੁਰਦਾਸਪੁਰ ਨਾਲ ਕੀਤਾ ਹੋਇਆ ਆਪਣਾ ਵਾਅਦਾ ਜਲਦ ਪੂਰਾ ਕਰਨ।
ਈਟੀਟੀ 2364 ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਗੁਰਸਿਮਰਤ ਮਾਲੇਰਕੋਟਲਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਈਟੀਟੀ ਦੀਆਂ ਚੱਲ ਰਹੀਆਂ ਸਾਰੀਆਂ ਭਰਤੀਆਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨ ਤਾਂ ਜੋ ਲੰਬੇ ਸਮੇਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਇਹਨਾ ਬੇਰੁਜ਼ਗਾਰ ਅਧਿਆਪਕਾਂ ਨੂੰ ਜਲਦ ਰੁਜ਼ਗਾਰ ਮਿਲ ਸਕੇ ਅਤੇ ਇਹਨਾਂ ਨੂੰ ਰੁਜ਼ਗਾਰ ਲੈਣ ਲਈ ਪੰਜਾਬ ਛੱਡ ਵਿਦੇਸ਼ਾਂ ਵਿਚ ਜਾਣ ਦੀ ਲੋੜ ਨਾ ਪਵੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਇਹ ਹੀ ਸੁਪਨਾ ਹੈ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਵਿਚ ਹੀ ਵੱਧ ਤੋਂ ਵੱਧ ਰੁਜ਼ਗਾਰ ਦੇ ਸਕਣ ਤਾਂ ਜੋ ਉਹਨਾਂ ਨੂੰ ਬਾਹਰਲੇ ਮੁਲਕਾਂ ਵਿੱਚ ਨਾ ਜਾਣਾ ਪਵੇ। ਪੰਜਾਬ ਦੇ ਸਾਰੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਇਸ ਉਮੀਦ ਵਿਚ ਹਨ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਜਲਦ ਨੌਕਰੀਆਂ ਦੇ ਕੇ ਉਹਨਾਂ ਨੂੰ ਸਕੂਲਾਂ ਵਿੱਚ ਭੇਜ ਕੇ ਉਹਨਾਂ ਨੂੰ ਇਨਸਾਫ਼ ਦੇਵੇ।