ਐਨ ਐਸ ਕਿਉ ਐਫ ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵਲੋਂ ਸਖਤ ਵਿਰੋਧ
ਭਗਵੰਤ ਮਾਨ ਸਰਕਾਰ ਆਪਣੇ ਵਾਅਦੇ ਤੋਂ ਭੱਜੀ
ਮੋਰਿੰਡਾ 9 ਫਰਵਰੀ ( ਭਟੋਆ)
ਐਨ ਐਸ ਕਿਉ ਐਫ ਵੋਕੇਸ਼ਨਲ ਅਧਿਆਪਕ,ਪੰਜਾਬ ਸਰਕਾਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪਿਛਲੇ ਅੱਠ ਸਾਲਾਂ ਤੋਂ ਵਿਦਿਆਰਥੀਆਂ ਨੂੰ "ਕਿੱਤਾ ਮੁੱਖੀ ਸਿੱਖਿਆ" ਦਿੰਦੇ ਆ ਰਹੇ ਹਨ। ਇਸ ਕਿੱਤਾ ਮੁੱਖੀ ਸਿੱਖਿਆ ਨੂੰ ਪੰਜਾਬ ਵਿੱਚ 2014 ਤੋਂ ਲਾਗੂ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਸਾਲ 2014 ਵਿੱਚ 100 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ,ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਗਏ। ਜਿਸ ਉਪਰੰਤ ਸਾਲ 2015 ਵਿੱਚ 300 ਸਕੂਲ, ਸਾਲ 2017 ਵਿੱਚ 380 ਸਕੂਲ ਅਤੇ ਸਾਲ 2019 ਵਿੱਚ 175 ਅਤੇ ਸਾਲ 2021 ਵਿੱਚ 34 ਸਕੂਲ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰ ਦਿੱਤੇ ਗਏ।
ਐਨ ਐਸ ਕਿਉ ਐਫ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ, ਨੇ ਇੱਥੇ ਭੇਜੇ ਬਿਆਨ ਵਿੱਚ ਦੱਸਿਆ ਕਿ ਸਕੂਲ ਵਿੱਚ 2 ਐਨ ਐਸ ਕਿਉ ਐਫ ਵੋਕੇਸ਼ਨਲ ਅਧਿਆਪਕਾਂ ਨੂੰ ਭਰਤੀ ਕੀਤਾ ਗਿਆ ਅਤੇ ਇਹ ਅਧਿਆਪਕ ਆਪਣੇ ਆਪਣੇ ਵਿਸ਼ੇ ਵਿੱਚ ਗ੍ਰੈਜੂਏਟ ਪੱਧਰ ਜਾਂ ਪੋਸਟ ਗ੍ਰੈਜੂਏਟ ਪੱਧਰ ਅਤੇ ਉਸੇ ਵਿਸ਼ੇ ਵਿੱਚ 2 ਤੋਂ 10 ਸਾਲ ਤੱਕ ਦਾ ਤਜਰਬਾ ਰੱਖਦੇ ਹਨ। ਇਹਨਾਂ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ 14 ਕਿੱਤਾ ਮੁੱਖੀ ਵਿਸ਼ਿਆਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਵਿਦਿਆਰਥੀ 9ਵੀਂ ਕਲਾਸ ਤੋਂ 12ਵੀਂ ਕਲਾਸ ਤੱਕ ਪੜ੍ਹਦੇ ਹਨ। ਵਿਦਿਆਰਥੀਆਂ ਨੂੰ 12ਵੀਂ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਜੌਬ ਉੱਪਰ ਵੀ ਲਗਵਾਇਆ ਜਾਂਦਾ ਹੈ ਅਤੇ ਵਿਦਿਆਰਥੀ ਆਪਣਾ ਰੁਜ਼ਗਾਰ ਚਲਾਉਣ ਦੇ ਕਾਬਲ ਵੀ ਬਣ ਜਾਂਦਾ ਹੈ। ਪਰ ਇਹਨਾਂ ਨੂੰ ਸਿੱਖਿਆ ਦੇਣ ਵਾਲੇ ਐਨ ਐਸ ਕਿਉ ਐਫ ਅਧਿਆਪਕਾਂ ਦਾ ਬਹੁਤ ਜਿਆਦਾ ਸੋਸ਼ਣ ਕੀਤਾ ਜਾ ਰਿਹਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਵੀ ਬਹੁਤ ਨੁਕਸਾਨ ਹੁੰਦੇ ਹਨ ਜਿਵੇਂ:- ਇਹਨਾਂ ਕਾਰਪੋਰੇਟ ਘਰਾਣਿਆਂ ਵਲੋਂ ਕਈ ਵਾਰ ਚਲਦੇ ਵਿਦਿਅਕ ਸੈਸ਼ਨ ਦੌਰਾਨ ਹੀ ਅਧਿਆਪਕ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ, ਜਿਸ ਨਾਲ ਵਿਦਿਆਰਥੀਆਂ ਦਾ ਅਧਿਆਪਕ ਨਾਲ ਕੁਨੈਕਸ਼ਨ ਟੁੱਟ ਜਾਂਦਾ ਅਤੇ ਨਵਾਂ ਅਧਿਆਪਕ ਕਿਸੇ ਵੀ ਭਰਤੀ ਪ੍ਰਕਿਰਿਆ ਤੋਂ ਬਿਨਾਂ ਸਕੂਲ ਵਿੱਚ ਭੇਜ ਦਿੱਤਾ ਜਾਂਦਾ ਹੈ।
ਇਸ ਲੜੀ ਵਿੱਚ ਸਰਕਾਰ ਅਤੇ ਕਾਰਪੋਰੇਟ ਘਰਾਣੇ ਸ਼ਾਮਲ ਹਨ ਅਤੇ ਅੱਜ ਅੱਠ ਸਾਲਾਂ ਤੋਂ ਵੀ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਐਨ ਐਸ ਕਿਉ ਐਫ ਵੋਕੇਸ਼ਨਲ ਅਧਿਆਪਕਾਂ ਦਾ ਭਵਿੱਖ ਹਨੇਰੇ ਵਿੱਚ ਹੈ। ਮੌਜੂਦਾ ਸਰਕਾਰ ਨੇ ਇਹਨਾਂ ਅਧਿਆਪਕਾਂ ਨਾਲ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਆਉਟਸੋਰਸ ਭਰਤੀ ਬੰਦ ਕੀਤੀ ਜਾਵੇਗੀ ਅਤੇ ਹਾਲ ਹੀ ਵਿੱਚ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਖੇਡ ਮੰਤਰੀ ਮੀਤ ਹੇਅਰ ਅਤੇ ਸਿੱਖਿਆ ਵਿਭਾਗ ਦੇ ਆਲਾ ਅਧਿਕਾਰੀਆਂ ਨਾਲ ਹੋਈਆਂ ਪੈਨਲ ਮੀਟਿੰਗਾਂ ਵਿੱਚ ਸਰਕਾਰ ਵਲੋਂ ਇਹੀ ਕਿਹਾ ਗਿਆ ਸੀ ਕਿ ਆਉਟਸੋਰਸ ਭਰਤੀ ਬੰਦ ਕੀਤੀ ਜਾਵੇਗੀ। ਪਰ ਅੱਜ ਕਾਰਪੋਰੇਟ ਘਰਾਣਿਆਂ ਵਲੋਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਭਰਤੀ ਕਰਨ ਲਈ ਇਸ਼ਤਿਹਾਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਉਸਤੋਂ ਸਾਫ ਹੋ ਗਿਆ ਹੈ ਕਿ ਇਹ ਸਰਕਾਰ ਵੀ ਪਹਿਲਾਂ ਵਾਲੀਆਂ ਸਰਕਾਰਾਂ ਵਾਂਗੂ ਕਾਰਪੋਰੇਟ ਘਰਾਣਿਆਂ ਦੀ ਹਮਾਇਤ ਕਰਨ ਲੱਗ ਪਈ ਹੈ। ਉਹਨਾਂ ਨੂੰ ਲਾਭ ਪਹੁੰਚਾਉਣ ਤਹਿਤ ਇਸ ਸਾਲ ਹੋਰ ਸਰਕਾਰੀ ਸਕੂਲ ਦਿੱਤੇ ਗਏ ਹਨ ਜਿਸ ਦੇ ਸਬੰਧ ਵਿੱਚ ਉਹਨਾਂ ਕਾਰਪੋਰੇਟ ਘਰਾਣਿਆਂ ਵਲੋਂ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਲਾਉਣੇ ਸ਼ੁਰੂ ਕਰ ਦਿੱਤੇ ਹਨ।
ਇਸ ਮੌਕੇ ਐਨ ਐਸ ਕਿਉ ਐਫ ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ, ਸੂਬਾ ਕਮੇਟੀ ਮੈਂਬਰ ਹਰਸਿਮਰਨ ਸਿੰਘ ਅਤੇ ਗੁਰਲਾਲ ਸਿੰਘ, ਹਰਮਿੰਦਰਪਾਲ ਸੈਣੀ ਦੇਵਿੰਦਰ ਸਿੰਘ ਅਤੇ ਸੂਬਾ ਜੁਆਇੰਟ ਸਕੱਤਰ ਸ਼ਾਮ ਲਾਲ ਅਤੇ ਸਮੂਹ ਜਿਲਾ ਪ੍ਰਧਾਨ ਅਤੇ ਸਮੂਹ ਸੂਬਾ ਕਮੇਟੀ ਮੈਂਬਰਾਂ ਵਲੋਂ ਪੰਜਾਬ ਸਰਕਾਰ ਨੂੰ ਇਸ ਭਰਤੀ ਨੂੰ ਰੱਦ ਕਰਨ ਦੀ ਮੰਗ ਕੀਤੀ ਜਾਂਦੀ ਹੈ। ਇਸ ਬਾਰੇ ਸਮੂਹ ਅਧਿਆਪਕਾਂ ਵਲੋਂ ਭਰਤੀ ਰੱਦ ਨਾ ਹੋਣ ਦੀ ਹਾਲਤ ਵਿੱਚ ਵੱਡੇ ਪੱਧਰ ਤੇ ਵਿਰੋਧ ਕਰਨ ਦਾ ਅਲਟੀਮੇਟਮ ਦਿੱਤਾ ਹੈ।