ਦਲਜੀਤ ਕੌਰ
ਚੰਡੀਗੜ੍ਹ, 7 ਫਰਵਰੀ, 2023: 2392 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਯੁੱਧਜੀਤ ਸਰਾਂ ਨੇ ਕਿਹਾ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਕਰੀਬ ਇੱਕ ਸਾਲ ਪੂਰਾ ਹੋਣ ਵਾਲਾ ਹੈ, ਪਰ ਸਰਕਾਰ ਨੇ ਸੇਰ ਵਿੱਚੋ ਪੂਣੀ ਤੱਕ ਨਹੀਂ ਕੱਤੀ ।ਉਹਨਾਂ ਕਿਹਾ ਕਿ ਪੰਜਾਬ ਦਾ ਮੁਲਾਜ਼ਮ ਵਰਗ ਅੱਜ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਇਨਕਲਾਬ ਦਾ ਹੋਕਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਿਛਲੀਆਂ ਸਰਕਾਰ ਵਾਂਗ ਲਾਰਿਆਂ ਸਹਾਰੇ ਹੀ ਡੰਗ ਟਪਾਉ ਨੀਤੀ ਤੇ ਚੱਲ ਰਹੀ ਹੈ। ਮੁਲਾਜਮਾਂ ਨਾਲ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਜਿਵੇਂ ਕਿ ਨਵੀਂ ਭਰਤੀ ਵਾਲੇ ਮੁਲਾਜ਼ਮਾਂ ਦਾ ਪ੍ਰੋਬੇਸ਼ਨ ਦਾ ਸਮਾਂ ਇੱਕ ਸਾਲ ਕਰਨ ਅਤੇ ਪ੍ਰੋਬੇਸ਼ਨ ਦੌਰਾਨ ਪੂਰੀ ਤਨਖ਼ਾਹ ਦੇਣ ਦਾ ਵਾਅਦਾ ਅਜੇ ਤੱਕ ਵਿਸਾਰਿਆ ਹੋਇਆ ਹੈ। 2004 ਤੋਂ ਬਾਅਦ ਭਰਤੀ ਕੀਤੇ ਸਾਰੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਗੁਜਰਾਤ ਚੋਣਾਂ ਦੌਰਾਨ ਕੀਤਾ ਐਲਾਨ ਵੀ ਜੁਮਲਾ ਹੀ ਨਜ਼ਰ ਆਉਂਦਾ ਹੈ।ਜਿਸ ਸੰਬੰਧੀ ਅਜੇ ਤੱਕ ਸਰਕਾਰ ਨੇ ਕੋਈ ਕਦਮ ਪੁੱਟਿਆ ਨਜ਼ਰ ਨਹੀਂ ਆਉਂਦਾ। ਕਾਂਗਰਸ ਸਰਕਾਰ ਦੁਆਰਾ ਕੱਟੇ ਗਏ 37 ਪ੍ਰਕਾਰ ਦੇ ਭੱਤਿਆਂ ਨੂੰ ਸੱਤਾ ਚ ਆਉਂਦਿਆਂ ਲਾਗੂ ਕਰਨ ਦਾ ਵਾਅਦਾ ਵੀ ਅਜੇ ਠੰਡੇ ਬਸਤੇ ਪਿਆ ਨਜ਼ਰ ਆਉਂਦਾ ਹੈ।
ਉਹਨਾਂ ਕਿਹਾ ਕਿ ਜਿਹੜੀ ਪਾਰਟੀ ਚੋਣ ਜਲਸਿਆਂ ਦੇ ਦੌਰਾਨ ਕਾਂਗਰਸ ਸਰਕਾਰ ਵਲੋਂ ਨਵੇਂ ਮੁਲਾਜ਼ਮਾਂ ਤੇ ਜ਼ਬਰੀ ਥੋਪੇ ਗਏ ਆਰਥਿਕ ਪਾੜਾ ਪਾਉਣ ਵਾਲੇ ਕੇਂਦਰੀ ਪੇ ਸਕੇਲਾਂ ਦਾ ਵਿਰੋਧ ਕਰਦੀ ਰਹੀ, ਹੁਣ ਸੱਤਾ ਚ ਆਉਣ ਤੇ ਇਹਨਾਂ ਨੂੰ ਰੱਦ ਕਰਨ ਤੇ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਨਵ- ਨਿਯੁਕਤ ਅਧਿਆਪਕ ਅੱਜ ਵੀ ਆਪਣੇ ਘਰਾਂ ਤੋਂ 250-300 ਕਿਲੋਮੀਟਰ ਦੂਰ ਬਾਰਡਰ ਜ਼ਿਲ੍ਹਿਆਂ ਵਿੱਚ ਬਦਲੀਆਂ ਦੇ ਪਾਰਦਰਸ਼ੀ ਮੌਕੇ ਦੀ ਉਡੀਕ ਕਰ ਰਹੇ ਹਨ, ਪਰ ਸਰਕਾਰ ਦੇ ਵਾਅਦੇ ਵਫ਼ਾ ਨਹੀਂ ਹੁੰਦੇ ਦਿਸ ਰਹੇ। ਉਹਨਾਂ ਸਰਕਾਰ ਨੂੰ ਮੁਲਾਜ਼ਮ ਵਿਰੋਧੀ ਕਿਹਾ।