ਨਵੀਂ ਦਿੱਲੀ: 6 ਫਰਵਰੀ, ਦੇਸ਼ ਕਲਿੱਕ ਬਿਓਰੋ
ਦਿੱਲੀ ਦੇ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਮੈਂਬਰਾਂ ਦੀ ਚੋਣ ਸੋਮਵਾਰ ਨੂੰ MCD ਸਦਨ, ਸਿਵਿਕ ਸੈਂਟਰ, ਦਿੱਲੀ ਵਿਖੇ ਹੋਵੇਗੀ। ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰਾਂ ਨੇ ਪ੍ਰੋਟੈਮ ਸਪੀਕਰ ਸੱਤਿਆ ਸ਼ਰਮਾ ਨੂੰ ਪੱਤਰ ਲਿਖ ਕੇ ਨਾਮਜ਼ਦ ਕੌਂਸਲਰਾਂ ਨੂੰ ਵੋਟ ਦਾ ਅਧਿਕਾਰ ਨਾ ਦੇਣ ਦੀ ਅਪੀਲ ਕੀਤੀ ਹੈ। ਨਾਮਜ਼ਦ ਕੌਂਸਲਰਾਂ ਦੇ ਵੋਟ ਅਧਿਕਾਰ ਨੂੰ ਲੈ ਕੇ ਸੋਮਵਾਰ ਨੂੰ ਐਮਸੀਡੀ ਹਾਊਸ ਵਿੱਚ ਹੰਗਾਮਾ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 6 ਅਤੇ 24 ਜਨਵਰੀ ਨੂੰ ਹੋਈ ਐਮਸੀਡੀ ਦੀ ਮੀਟਿੰਗ ਵਿੱਚ ਹੰਗਾਮੇ ਕਾਰਨ ਮੇਅਰ ਦੀ ਚੋਣ ਨਹੀਂ ਹੋ ਸਕੀ ਸੀ। 24 ਜਨਵਰੀ ਨੂੰ ਸਾਰੇ ਕੌਂਸਲਰਾਂ ਨੇ ਸਹੁੰ ਚੁੱਕ ਲਈ ਸੀ ਪਰ ਮੇਅਰ ਦੀ ਚੋਣ ਲਈ ਨਾਮਜ਼ਦ ਮੈਂਬਰਾਂ ਦੀ ਵੋਟਿੰਗ ਨੂੰ ਲੈ ਕੇ ਆਪ ਅਤੇ ਭਾਜਪਾ ਕੌਂਸਲਰਾਂ ਵਿੱਚ ਹੰਗਾਮਾ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਨਗਰ ਨਿਗਮ ਚੋਣਾਂ 4 ਦਸੰਬਰ ਨੂੰ ਹੋਈਆਂ ਸਨ ਅਤੇ ਨਤੀਜੇ 7 ਦਸੰਬਰ ਨੂੰ ਆਏ ਸਨ। ਇਸ ਵਿੱਚ ਆਮ ਆਦਮੀ ਪਾਰਟੀ ਨੇ 250 ਵਿੱਚੋਂ 134 ਸੀਟਾਂ ਜਿੱਤੀਆਂ ਹਨ। ਪਰ ਹੁਣ ਤੱਕ ਮੇਅਰ ਦੀ ਚੋਣ ਨਹੀਂ ਹੋ ਸਕੀ ਹੈ। ਦਿੱਲੀ ਦੇ ਐਮਸੀਡੀ ਸਦਨ ਵਿੱਚ 6 ਅਤੇ 24 ਜਨਵਰੀ ਨੂੰ ਹੋਈਆਂ ਮੀਟਿੰਗਾਂ ਵਿੱਚ ‘ਆਪ’ ਅਤੇ ਭਾਜਪਾ ਦੇ ਕਾਰਪੋਰੇਟਰਾਂ ਵਿਚਾਲੇ ਹੋਏ ਹੰਗਾਮੇ ਕਾਰਨ ਦਿੱਲੀ ਨੂੰ ਅਜੇ ਤੱਕ ਨਵੇਂ ਮੇਅਰ ਦੀ ਚੋਣ ਨਹੀਂ ਹੋ ਸਕੀ ਹੈ।