ਨਵੀਂ ਦਿੱਲੀ, 2 ਫਰਵਰੀ, ਦੇਸ਼ ਕਲਿੱਕ ਬਿਓਰੋ :
ਹਿੰਡਨਬਰਗ ਦੀ ਅਡਾਨੀ ਗਰੁੱਪ ਬਾਰੇ ਆਈ ਰਿਪੋਰਟ ਤੋਂ ਬਾਅਦ ਲਗਾਤਾਰ ਅਡਾਨੀ ਗਰੁੱਪ ਦੇ ਸ਼ੇਅਰ ਡਿੱਗਦੇ ਜਾ ਰਹੇ ਹਨ। ਇਸ ਰਿਪੋਰਟ ਆਉਣ ਦੇ ਬਾਅਦ ਹੀ ਰਿਜਰਵ ਬੈਂਕ ਆਫ ਇੰਡੀਆ (RBI) ਵੱਲੋਂ ਅਡਾਨੀ ਗਰੁੱਪ ਨੂੰ ਦਿੱਤੇ ਗਏ ਲੋਨ ਬਾਰੇ ਬੈਂਕਾਂ ਤੋਂ ਜਾਣਕਾਰੀ ਮੰਗਣ ਪਿੱਛੋਂ ਹੁਣ ਬੈਂਕਾਂ ਨੇ ਦੱਸਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਅਡਾਨੀ ਗਰੁੱਪ ਨੂੰ 21000 ਕਰੋੜ ਰੁਪਏ (2.6 ਅਰਬ ਡਾਲਰ) ਦਾ ਕਰਜ਼ਾ ਦਿੱਤਾ ਹੈ। ਸਟੇਟ ਬੈ਼ਕ ਆਫ ਇੰਡੀਆ ਨੂੰ ਨਿਯਮਾਂ ਦੇ ਤਹਿਤ ਜਿੰਨਾਂ ਕਰਜ਼ਾ ਦੇਣ ਦੀ ਆਗਿਆ ਹੈ ਇਹ ਰਕਮ ਉਸ ਤੋਂ ਅੱਧੀ ਹੈ।
ਮੀਡੀਆ ਵਿੱਚ ਆਈ ਰਿਪੋਰਟ ਮੁਤਾਬਕ ਅਡਾਨੀ ਨੂੰ ਦਿੱਤੇ ਗਏ ਪੈਸਿਆਂ ਵਿੱਚ ਇਸਦੀ ਵਿਦੇਸ਼ੀ ਇਕਾਈਆਂ ਤੋਂ 200 ਮਿਲੀਅਨ ਡਾਲਰ ਵੀ ਸ਼ਾਮਲ ਹਨ। ਬਲੂਮਬਰਗ ਨੇ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਐਸਬੀਆਈ ਦੇ ਚੇਅਰਮੈਨ ਦਿਨੇਸ਼ ਕੁਮਾਰ ਖਰਾ ਨੇ ਵੀਰਵਾਰ ਨੂੰ ਕਿਹਾ ਕਿ ਉਥਲ ਪੁਥਲ ਨਾਲ ਪ੍ਰਭਾਵਿਤ ਅਡਾਨੀ ਗਰੁੱਪ ਦੀਆਂ ਕੰਪਨੀਆਂ ਕਰਜ਼ਾ ਚੁਕਾ ਰਹੀਆਂ ਹਨਅਤੇ ਬੈਂਕ ਨੇ ਹੁਣ ਤੱਕ ਜੋ ਕੁਝ ਵੀ ਉਧਾਰ ਦਿੱਤਾ ਹੈ, ਉਸ ਵਿੱਚ ਤਤਕਾਲ ਉਨ੍ਹਾਂ ਨੂੰ ਕੋਈ ਚੁਣੌਤੀ ਨਹੀਂ ਦਿਖ ਰਹੀ।