ਮਾਨਸਾ, 02 ਫਰਵਰੀ, ਦੇਸ਼ ਕਲਿੱਕ ਬਿਓਰੋ
ਮਾਨਸਾ ਜਿਲੇ ਵਿੱਚ ਵੱਖ-ਵੱਖ ਸਕੂਲਾਂ ਤੇ ਬਲਾਕਾਂ ਵਿੱਚ ਅਧਿਆਪਕਾਂ ਤਨਖਾਹ ਲਈ ਬਜ਼ਟ ਨਾ ਹੋਣ ਕਾਰਨ ਅਧਿਆਪਕ ਪ੍ਰੇਸ਼ਾਨੀ ਝੱਲ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਟੀਐਫ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਜਿਲਾ ਸਕੱਤਰ ਹਰਜਿੰਦਰ ਅਨੂਪਗੜ੍ਹ ਨੇ ਦੱਸਿਆ ਅਧਿਆਪਕਾਂ ਦੀਆਂ ਤਨਖਾਹਾਂ ਦਾ ਬਜ਼ਟ ਨਾ ਹੋਣ ਕਾਰਨ ਅਜੇ ਤੱਕ ਅਧਿਆਪਕਾਂ ਨੂੰ ਤਨਖਾਹ ਨਹੀ ਮਿਲ ਸਕੀ ਜਿਸ ਕਾਰਨ ਅਧਿਆਪਕ ਪ੍ਰੇਸ਼ਾਨੀ ਦੇ ਆਲਮ 'ਚ ਹਨ।
ਡੀਟੀਐਫ ਬਲਾਕ ਬਰੇਟਾ ਦੇ ਪ੍ਰਧਾਨ ਹਰਫੂਲ ਬੋਹਾ ਅਤੇ ਸਰਦੂਲਗੜ੍ਹ ਦੇ ਪ੍ਰਧਾਨ ਨਿਧਾਨ ਸਿੰਘ ਨੇ ਜਨਵਰੀ ਮਹੀਨੇ ਦੀ ਤਨਖਾਹ ਵਿਚੋਂ ਮੋਬਾਈਲ ਭੱਤਾ ਕੱਟਣ ਦੇ ਬੇਤੁਕੇ ਫੁਰਮਾਨ ਦਾ ਵਿਰੋਧ ਕਰਦਿਆਂ ਕਿਹਾ ਕਿ ਜਨਵਰੀ ਮਹੀਨੇ 'ਚ ਸਿਰਫ ਸੱਤ ਦਿਨ ਦੀਆਂ ਛੁੱਟੀਆਂ ਸਨ ਪਰ ਨਿਯਮਾਂ ਅਨੁਸਾਰ ਦਸ ਜਾਂ ਦਸ ਤੋ ਵੱਧ ਛੁੱਟੀਆਂ ਹੋਣ ਤੇ ਹੀ ਮੋਬਾਈਲ ਭੱਤਾ ਕੱਟਿਆ ਜਾ ਸਕਦਾ ਹੈ। ਡੀਟੀਐਫ ਦੇ ਸੀਨੀਅਰ ਆਗੂਆਂ ਗੁਰਤੇਜ ਉੱਭਾ ਅਤੇ ਰਾਜਵਿੰਦਰ ਬੈਹਣੀਵਾਲ ਨੇ ਈਪੰਜਾਬ ਤੇ ਪ੍ਰੀਬੋਰਡ ਪੇਪਰਾਂ ਦੇ ਨੰਬਰ ਚੜਾਉਣ ਦੇ ਤੁਗਲਕੀ ਫੁਰਮਾਨ ਦਾ ਵਿਰੋਧ ਕਰਦਿਆ ਕਿਹਾ ਕਿ ਇਕਦਮ ਘੱਟ ਸਮੇ ਚ ਅਜਿਹੇ ਹੁਕਮਾਂ ਕਾਰਨ ਅਤੇ ਵੈਬਸਾਈਟ ਬੰਦ ਹੋਣ ਕਾਰਨ ਅਧਿਆਪਕ ਮਾਨਸਿਕ ਪ੍ਰੇਸ਼ਾਨੀ 'ਚ ਹਨ।
ਡੀਟੀਐਫ ਨੇ ਮੰਗ ਕੀਤੀ ਕਿ ਵਿਭਾਗ ਅਧਿਆਪਕਾਂ ਦੀਆਂ ਇਹਨਾਂ ਸਮੱਸਿਆਵਾਂ ਦਾ ਫੌਰੀ ਹੱਲ ਕਰੇ ਨਹੀਂ ਤਾਂ ਡੀਟੀਐਫ ਸੰਘਰਸ਼ ਦਾ ਰੁਖ ਅਖਤਿਆਰ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਜੋਸ਼ ਸਪੋਲੀਆ, ਦਮਨਜੀਤ ਮਾਨਸਾ, ਸੁਖਚੈਨ ਸੇਖੋਂ, ਅਮ੍ਰਿਤਪਾਲ ਖੈਰਾ, ਜਸਵਿੰਦਰ ਹਾਕਮਵਾਲਾ, ਗੁਰਜੀਤ ਮਾਨਸਾ, ਗੁਰਦੀਪ ਝੰਡੂਕੇ, ਗੁਰਪ੍ਰੀਤ ਭੀਖੀ, ਜੱਗਾ ਆਦਮਕੇ ਆਦਿ ਹਾਜ਼ਰ ਸਨ।