ਨਵੀਂ ਦਿੱਲੀ, 1 ਫਰਵਰੀ, ਦੇਸ਼ ਕਲਿੱਕ ਬਿਓਰੋ :
ਅਡਾਨੀ ਦੇ ਡਿੱਗਦੇ ਸ਼ੇਅਰਾਂ ਦੇ ਚਲਦਿਆਂ ਐਲਆਈਸੀ ਨੂੰ ਵੀ ਨੁਕਸਾਨ ਹੋ ਰਿਹਾ ਹੈ। ਗੌਤਮ ਅਡਾਨੀ ਗਰੁੱਪ ਅਤੇ ਹਿੰਡਨਬਰਗ ਵਿਵਾਦ ਕਾਰਨ ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ ਗਿਰਾਵਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਿੰਡਨਬਰਗ ਰਿਸਰਚ ਦੀ ਰਿਪੋਰਟ ਹੋਣ ਤੋਂ ਬਾਅਦ ਜੀਵਨ ਬੀਮਾ ਨਿਗਮ (ਐਲਆਈਸੀ) ਦੇ ਸ਼ੇਅਰ ਵੀ ਡਿੱਗਦੇ ਨਜ਼ਰ ਆ ਰਹੇ ਹਨ। ਪੰਜ ਕਾਰੋਬਾਰੀ ਦਿਨਾਂ ਵਿੱਚ ਐਲਆਈਸੀ ਦਾ ਮਾਰਕੇਟ ਕੈਪੀਟਲ ਕਰੀਬ 65,400 ਕਰੋੜ ਰੁਪਏ ਘੱਟ ਹੋ ਗਿਆ ਹੈ। ਮੀਡੀਆ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਕੰਪਨੀ ਦਾ ਮਾਰਕੇਟ ਕੈਪ 24 ਜਨਵਰੀ ਨੂੰ ਬੰਦ ਮੁੱਲ 4,44,141 ਕਰੋੜ ਰੁਪਏ ਤੋਂ ਘਟਕੇ 3,78,740 ਰੁਪਏ ਰਹਿ ਗਿਆ ਹੈ। ਸਿਰਫ ਪੰਜ ਕਾਰੋਬਾਰੀ ਦਿਨਾਂ ਵਿੱਚ ਐਲਆਈਸੀ ਸਟਾਕ ਵਿੱਚ 14.73 ਫੀਸਦੀ ਗਿਰਾਵਟ ਆਈ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਐਲਆਈਸੀ ਨੇ ਕਿਹਾ ਸੀ ਕਿ ਉਹ ਸ਼ਾਰਟ ਸੇਲਰ ਕੰਪਨੀ ਹਿੰਡਨਬਰਗ ਦੀ ਰਿਪੋਰਟ ਉਤੇ ਅਡਾਨੀ ਗਰੁੱਪ ਤੋਂ ਸਪੱਸ਼ਟੀਕਰਨ ਮੰਗੇਗੀ। ਬੀਤੇ ਸੋਮਵਾਰ ਨੂੰ ਐਲਆਈਸੀ ਨੇ ਦੱਸਿਆ ਸੀ ਕਿ ਅਡਾਨੀ ਗਰੁੱਪ ਦੇ ਬਾਂਡ ਅਤੇ ਇਕਿਵਟੀ ਵਿੱਚ ਉਸਦੇ 36,474.78 ਕਰੋੜ ਰੁਪਏ ਲੱਗੇ ਹਨ ਅਤੇ ਇਹ ਰਕਮ ਬੀਮਾ ਕੰਪਨੀ ਦੇ ਕੁਲ ਨਿਵੇਸ਼ ਦਾ ਇਕ ਫੀਸਦੀ ਤੋਂ ਵੀ ਘੱਟ ਹਨ।