ਨਵੀਂ ਦਿੱਲੀ,14 ਜਨਵਰੀ,ਦੇਸ਼ ਕਲਿਕ ਬਿਊਰੋ:
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਭਲਸਵਾ ਡੇਅਰੀ ਇਲਾਕੇ ਵਿੱਚ ਦੇਰ ਰਾਤ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਹਨ। ਜਹਾਂਗੀਰਪੁਰੀ ਫਲੈਟ ਤੋਂ ਯੂਏਪੀਏ ਤਹਿਤ ਗ੍ਰਿਫ਼ਤਾਰ ਕੀਤੇ ਗਏ ਨੌਸ਼ਾਦ ਅਤੇ ਜਗਜੀਤ ਸਿੰਘ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲੀਸ ਨੇ ਭਲਸਵਾ ਡੇਅਰੀ ’ਤੇ ਛਾਪਾ ਮਾਰਿਆ।ਦੂਜੇ ਪਾਸੇ ਦਿੱਲੀ ਪੁਲੀਸ ਯੂ.ਏ.ਪੀ.ਏ. ਤਹਿਤ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਜਗਜੀਤ ਉਰਫ਼ ਜੱਸਾ ਉਰਫ਼ ਯਾਕੂਬ ਉਰਫ਼ ਕਪਤਾਨ ਵਾਸੀ ਊਧਮ ਸਿੰਘ ਨਗਰ ਉੱਤਰਾਖੰਡ ਅਤੇ ਨੌਸ਼ਾਦ ਵਾਸੀ ਜਹਾਂਗੀਰਪੁਰੀ ਨੂੰ 14 ਦਿਨਾਂ ਦੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ।ਤਫ਼ਤੀਸ਼ ਦੌਰਾਨ ਦੋਵੇਂ ਮੁਲਜ਼ਮਾਂ ਨੂੰ ਸਪੈਸ਼ਲ ਸੈੱਲ ਦੀ ਟੀਮ ਸ਼ੁੱਕਰਵਾਰ ਰਾਤ ਥਾਣਾ ਭਲਸਵਾ ਡੇਅਰੀ ਅਧੀਨ ਸ਼ਰਧਾਨੰਦ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਲੈ ਕੇ ਗਈ। ਕਮਰੇ ਦੀ ਤਲਾਸ਼ੀ ਦੌਰਾਨ ਉਥੋਂ ਦੋ ਹੈਂਡ ਗ੍ਰਨੇਡ ਬਰਾਮਦ ਹੋਏ ਹਨ।ਇਸ ਦੇ ਨਾਲ ਹੀ ਐਫਐਸਐਲ ਟੀਮ ਨੂੰ ਛਾਪੇਮਾਰੀ ਕਰਨ ਵਾਲੇ ਘਰ ਵਿੱਚੋਂ ਮਨੁੱਖੀ ਖੂਨ ਦੇ ਨਿਸ਼ਾਨ ਵੀ ਮਿਲੇ ਹਨ। ਐਫਐਸਐਲ ਟੀਮ ਨੇ ਜਾਂਚ ਲਈ ਖੂਨ ਦੇ ਨਮੂਨੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ।ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਜਹਾਂਗੀਰਪੁਰੀ ਇਲਾਕੇ ਤੋਂ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਸੀ। ਗ੍ਰਿਫਤਾਰੀ ਦੌਰਾਨ ਪੁਲਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ 22 ਜਿੰਦਾ ਕਾਰਤੂਸ ਸਮੇਤ ਤਿੰਨ ਪਿਸਤੌਲ ਬਰਾਮਦ ਕੀਤੇ ਸਨ।