ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ 14 ਜਨਵਰੀ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ
ਦਲਜੀਤ ਕੌਰ
ਲਹਿਰਾਗਾਗਾ, 10 ਜਨਵਰੀ, 2023: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਾਸਟਰ ਕਾਡਰ ਦੀ ਭਰਤੀ ਨੂੰ ਲੈ ਕੇ ਪਿਛਲੇ ਪੰਜ ਸਾਲਾਂ ਤੋਂ ਸੰਘਰਸ਼ ਕਰਦੀ ਆ ਰਹੀ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਆਮ ਆਦਮੀ ਪਾਰਟੀ ਖਿਲਾਫ ਮੁੜ ਸੰਘਰਸ਼ ਵਿੱਢਣ ਦੀ ਤਿਆਰੀ ਕਰ ਲਈ ਹੈ। ਇਸ ਸੰਬੰਧੀ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ ਜੀ.ਪੀ. ਐੱਫ਼ ਧਰਮਸ਼ਾਲਾ ਲਹਿਰਾਗਾਗਾ ਵਿਖੇ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਪਾਲ ਖਾਨ ਨੇ ਕਿਹਾ ਕਿ ਆਪ ਦੀ ਭਗਵੰਤ ਮਾਨ ਵਾਲੀ ਸਰਕਾਰ ਨੇ ਸੂਬੇ ਦਾ ਸਿੱਖਿਆਂ ਢਾਂਚਾ ਠੀਕ ਕਰਨ ਲਈ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਕਰਨ ਦੀ ਗੱਲ ਕਹੀ ਸੀ..ਪਰ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਆਪ ਸਰਕਾਰ ਉਹਨਾਂ ਨਾਲ ਮੀਟਿੰਗਾਂ ਤੋਂ ਵੀ ਭੱਜ ਰਹੀ ਹੈ,ਅਤੇ ਬੇਰੁਜ਼ਗਾਰਾਂ ਨਾਲ ਬੇਭਰੋਸੇਯੋਗ ਮੀਟਿੰਗਾ ਵਿੱਚ ਲਾਰਾ ਲਗਾਕੇ ਸਮਾਂ ਲੰਘਾ ਰਹੀ। ਪਿਛਲੀ ਕਾਂਗਰਸ ਸਰਕਾਰ ਨੇ ਚੋਣ ਜ਼ਾਬਤੇ ਤੋਂ ਅੱਧਾ ਘੰਟਾ ਪਹਿਲਾਂ ਮਾਮੂਲੀ 4161 ਅਸਾਮੀਆਂ ਭਰਨ ਦਾ ਇਸ਼ਤਿਹਾਰ ਦਿੱਤਾ ਸੀ, ਜਿਸ ਵਿੱਚ ਸਮਾਜਿਕ ਸਿੱਖਿਆ, ਪੰਜਾਬੀ, ਹਿੰਦੀ ਆਦਿ ਤਿੰਨਾਂ ਵਿਸ਼ਿਆਂ ਦੀਆਂ ਕੁੱਲ 1405 ਪੋਸਟਾਂ ਕੱਢੀਆਂ ਗਈਆਂ, ਜਦੋਂ ਕਿ ਇਹਨਾਂ ਵਿਸ਼ਿਆਂ ਦੇ ਅਧਿਆਪਕਾਂ ਦੀ ਸਕੂਲਾਂ ਵਿੱਚ ਵੱਡੇ ਪੱਧਰ ਤੇ ਘਾਟ ਹੈ। ਇਹਨਾਂ ਵਿਸ਼ਿਆਂ ਨੂੰ ਹੋਰ ਵਿਸ਼ਿਆਂ ਦੇ ਅਧਿਆਪਕਾਂ ਦੁਆਰਾ ਪੜਾਉਣ ਕਾਰਨ ਵੱਡੇ ਪੱਧਰ ਤੇ ਸਮਾਜਿਕ ਸਿੱਖਿਆ, ਪੰਜਾਬੀ ਤੇ ਹਿੰਦੀ ਦੇ ਵਿਸ਼ਿਆਂ ਦੇ ਵਿਦਿਆਰਥੀ ਫੇਲ੍ਹ ਹੋ ਰਹੇ ਹਨ।
ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮਾਜਿਕ ਸਿੱਖਿਆ, ਪੰਜਾਬੀ, ਹਿੰਦੀ ਆਦਿ ਇਹਨਾਂ ਵਿਸ਼ਿਆਂ ਦੇ ਅਧਿਆਪਕਾਂ ਦੀ ਵੱਡੀ ਗਿਣਤੀ ਵਿੱਚ ਭਰਤੀ ਕੀਤੀ ਜਾਵੇ। ਬੀ. ਏ. ਵਿੱਚੋਂ 55% ਦੀ ਮਾਰੂ ਸ਼ਰਤ ਨੂੰ ਰੱਦ ਕੀਤਾ ਜਾਵੇ ਕਿਉਂਕਿ ਅਜੇ ਵੀ ਬੀ.ਐੱਡ 45-50% ਤੇ ਹੋ ਰਹੀ ਹੈ। ਲੈਕਚਰਾਰ ਦੀ ਭਰਤੀ ਵਿੱਚ ਕੰਬੀਨੇਸ਼ਨ ਦੀ ਸੋਧ ਕਰਕੇ ਟੀਚਿੰਗ ਆਫ਼ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਆਧਾਰ ਬਣਾ ਕੇ ਭਰਤੀ ਕੀਤੀ ਜਾਵੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਪਾਲ ਖਾਨ ਲਹਿਰਾ, ਬਲਾਕ ਆਗੂ ਗੋਰਖਾ ਕੋਟੜਾ, ਕੁਲਦੀਪ ਭੁਟਾਲ, ਰਿੰਕੂ ਕੋਟੜਾ, ਬਲਕਾਰ ਸਿੰਘ ਲਹਿਰਾਾ, ਦੀਪ ਸ਼ਰਮਾਂ ਲਹਿਰਾ, ਦੀਪੀ ਲਹਿਰਾ, ਜਸਪਾਲ ਲਹਿਰਾ ਆਦਿ ਸਾਥੀ ਹਾਜ਼ਰ ਸਨ l