ਕੋਲਕਾਤਾ,3 ਜਨਵਰੀ,ਦੇਸ਼ ਕਲਿਕ ਬਿਊਰੋ:
ਪੱਛਮੀ ਬੰਗਾਲ ਦੇ ਮਾਲਦਾ 'ਚ ਸੋਮਵਾਰ ਰਾਤ ਨੂੰ ਵੰਦੇ ਭਾਰਤ ਟਰੇਨ 'ਤੇ ਪਥਰਾਅ ਕੀਤਾ ਗਿਆ। ਇਹ ਘਟਨਾ ਕੁਮਾਰਗੰਜ ਰੇਲਵੇ ਸਟੇਸ਼ਨ ਨੇੜੇ ਵਾਪਰੀ। ਜਾਣਕਾਰੀ ਮੁਤਾਬਕ ਟਰੇਨ ਐਤਵਾਰ ਨੂੰ ਨਿਊ ਜਲਪਾਈਗੁੜੀ ਤੋਂ ਸ਼ੁਰੂ ਹੋਈ ਸੀ। ਮਾਲਦਾ ਸਟੇਸ਼ਨ ਨੇੜੇ ਹਾਵੜਾ ਆਉਂਦੇ ਸਮੇਂ ਅਣਪਛਾਤੇ ਲੋਕਾਂ ਨੇ ਰੇਲ ਗੱਡੀ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਜਿਸ ਕਾਰਨ ਕੋਚ ਸੀ-13 ਦਾ ਦਰਵਾਜ਼ਾ ਅਤੇ ਖਿੜਕੀ ਨੁਕਸਾਨੀ ਗਈ। ਇਸ ਦੇ ਨਾਲ ਹੀ ਪੱਛਮੀ ਬੰਗਾਲ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਘਟਨਾ ਦੀ NIA ਜਾਂਚ ਦੀ ਮੰਗ ਕੀਤੀ ਹੈ।ਜ਼ਿਕਰਯੋਗ ਹੈ ਕਿ ਪੀਐਮ ਮੋਦੀ ਨੇ 4 ਦਿਨ ਪਹਿਲਾਂ ਪੱਛਮੀ ਬੰਗਾਲ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਸ ਵਿੱਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਸ਼ਿਰਕਤ ਕੀਤੀ ਸੀ। ਪ੍ਰੋਗਰਾਮ 'ਚ ਮਮਤਾ ਦੇ ਪਹੁੰਚਦੇ ਹੀ ਹਾਵੜਾ ਸਟੇਸ਼ਨ 'ਤੇ ਜ਼ਬਰਦਸਤ ਡਰਾਮਾ ਹੋਇਆ ਸੀ।ਇਸ ਘਟਨਾ 'ਤੇ ਬੰਗਾਲ ਭਾਜਪਾ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਵਿਰੋਧੀ ਧਿਰ ਦੇ ਨੇਤਾ ਨੇ ਇਸ ਨੂੰ ਟੀਐਮਸੀ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਸ਼ੁਭੇਂਦੂ ਅਧਿਕਾਰੀ ਨੇ ਟਵੀਟ ਕੀਤਾ ਕਿ ਇਹ ਘਟਨਾ ਮੰਦਭਾਗੀ ਹੈ।