ਸ਼੍ਰੀਨਗਰ, 2 ਜਨਵਰੀ, ਦੇਸ਼ ਕਲਿਕ ਬਿਊਰੋ:
ਜੰਮੂ-ਕਸ਼ਮੀਰ 'ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੰਦੇ ਹੋਏ ਕੰਟਰੋਲ ਰੇਖਾ ਦੇ ਨਾਲ ਲੱਗਦੇ ਰਾਜੋਰੀ ਜ਼ਿਲੇ ਦੇ ਪਿੰਡ ਡਾਂਗਰੀ 'ਚ ਦੋ ਨਕਾਬਪੋਸ਼ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ ਚਾਰ ਹਿੰਦੂਆਂ ਦੀ ਹੱਤਿਆ ਕਰ ਦਿੱਤੀ। ਛੇ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਏਅਰਲਿਫਟ ਕਰਕੇ ਜੰਮੂ ਜੀਐਮਸੀ ਵਿੱਚ ਭਰਤੀ ਕਰਵਾਇਆ ਗਿਆ ਹੈ। ਲਸ਼ਕਰ-ਏ-ਤੋਇਬਾ ਨਾਲ ਸਬੰਧਤ TRF ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਫੌਜ ਅਤੇ ਪੁਲਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕਾਂ ਦੀ ਪਛਾਣ ਦੀਪਕ ਕੁਮਾਰ (23), ਸਾਬਕਾ ਫੌਜੀ ਸਤੀਸ਼ ਕੁਮਾਰ (45), ਸ਼ਿਵਪਾਲ ਉਰਫ ਅਸ਼ੀਸ਼ ਕੁਮਾਰ (32) ਅਤੇ ਪ੍ਰੀਤਮ ਲਾਲ (56) ਵਜੋਂ ਹੋਈ ਹੈ। ਇਹ ਸਾਰੇ ਡਾਂਗਰੀ ਦੇ ਵਸਨੀਕ ਹਨ ਅਤੇ ਇੱਕ ਦੂਜੇ ਦੇ ਰਿਸ਼ਤੇਦਾਰ ਹਨ। ਡਾਂਗਰੀ ਰਾਜੋਰੀ ਤੋਂ ਅੱਠ ਕਿਲੋਮੀਟਰ ਦੂਰ ਹੈ। ਜੰਮੂ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਦੋ ਹਥਿਆਰਬੰਦ ਵਿਅਕਤੀਆਂ ਨੇ ਅੱਪਰ ਡਾਂਗਰੀ ਪਿੰਡ ਵਿੱਚ ਨਾਗਰਿਕਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਗੋਲੀਬਾਰੀ ਤਿੰਨ ਘਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਜੋ ਇਕ ਦੂਜੇ ਤੋਂ 50 ਮੀਟਰ ਦੀ ਦੂਰੀ 'ਤੇ ਹਨ।