ਚੇਨੇਈ,31 ਦਸੰਬਰ,ਦੇਸ਼ ਕਲਿਕ ਬਿਊਰੋ:
ਤਾਮਿਲਨਾਡੂ ਦੇ ਨਮੱਕਲ ਜ਼ਿਲ੍ਹੇ ਵਿੱਚ ਇੱਕ ਘਰ ਵਿੱਚ ਹੋਏ ਧਮਾਕੇ ਵਿੱਚ ਪਟਾਕਿਆਂ ਦੀ ਦੁਕਾਨ ਦੇ ਮਾਲਕ ਅਤੇ ਤਿੰਨ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਉਕਤ ਘਰ 'ਚ ਕਥਿਤ ਤੌਰ 'ਤੇ ਪਟਾਕੇ ਰੱਖੇ ਹੋਏ ਸਨ। ਪੁਲਿਸ ਨੇ ਅੱਜ ਸ਼ਨੀਵਾਰ ਨੂੰ ਵਾਪਰੀ ਘਟਨਾ ਬਾਰੇ ਦੱਸਿਆ ਕਿ ਇਹ ਧਮਾਕਾ ਤੜਕੇ ਕਰੀਬ 4 ਵਜੇ ਅਚਾਨਕ ਹੋਇਆ, ਜਿਸ ਵਿੱਚ ਮੋਹਨੂਰ ਵਿੱਚ ਇੱਕ ਘਰ ਅਤੇ ਆਸਪਾਸ ਦੇ ਕੁੱਝ ਹੋਰ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਅਤੇ ਚਾਰ ਵਿਅਕਤੀ ਜ਼ਖਮੀ ਹੋ ਗਏ। ਪੁਲੀਸ ਅਨੁਸਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਰੀਬ ਦੋ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਪੱਸ਼ਟ ਨਹੀਂ ਹੈ ਕਿ ਲਾਇਸੈਂਸ ਧਾਰਕ ਤਿਲਈ ਕੁਮਾਰ (37) ਨੇ ਆਪਣੇ ਘਰ ਵਿੱਚ ਪਟਾਕੇ ਕਿਉਂ ਰੱਖੇ ਸਨ। ਘਟਨਾ ਸਵੇਰੇ 4 ਵਜੇ ਦੇ ਕਰੀਬ ਵਾਪਰੀ। ਤਿਲਈ, ਉਸਦੀ ਮਾਂ ਸੇਲਵੀ (57) ਅਤੇ ਪਤਨੀ ਪ੍ਰਿਆ (27) ਦੀ ਮੌਕੇ 'ਤੇ ਹੀ ਮੌਤ ਹੋ ਗਈ।