ਬਠਿੰਡਾ: 27 ਦਸੰਬਰ, ਦੇਸ਼ ਕਲਿੱਕ ਬਿਓਰੋ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਸ੍ਰੀ ਵਰਿੰਦਰ ਸਿੰਘ ਮੋਮੀ , ਜਗਰੂਪ ਸਿੰਘ ਲਹਿਰਾ, ਬਲਿਹਾਰ ਸਿੰਘ ਕਟਾਰੀਆ, ਗੁਰਵਿੰਦਰ ਸਿੰਘ ਪੰਨੂ, ਸ਼ੇਰ ਸਿੰਘ ਖੰਨਾ, ਪਵਨਦੀਪ ਸਿੰਘ ਅਮ੍ਰਿਤਸਰ, ਸਿਮਰਨਜੀਤ ਸਿੰਘ ਨੀਲੋਂ, ਰਮਨਪ੍ਰੀਤ ਕੌਰ ਮਾਨ, ਜਸਪ੍ਰੀਤ ਸਿੰਘ ਗਗਨ ਅਤੇ ਸੁਰਿੰਦਰ ਕੁਮਾਰ ਵੱਲੋਂ ਵਲੋਂ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਦੱਸਿਆ ਗਿਆ ਕਿ ਮੋਜੂਦਾ ਪੰਜਾਬ ਸਰਕਾਰ ਜਿਹੜੀ ਪੰਜਾਬ ਦੇ ਮੇਹਨਤ ਕਸ਼ ਲੋਕਾਂ ਨਾਲ ਧੋਖਾ ਕਰਕੇ ਸੱਤਾ ਦੀ ਕੁਰਸੀ ਤੇ ਵਿਰਾਜਮਾਨ ਹੋਈ ਹੈ। ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨ ਅਤੇ ਪੰਜਾਬ ਦੇ ਸਮੂਹ ਮੇਹਨਤ ਕਸ਼ ਲੋਕਾਂ ਨਾਲ ਗ਼ਦਾਰੀ ਕਰਨ ਦੇ ਮਾਮਲੇ ਵਿਚ ਇਹ ਪਹਿਲੀਆਂ ਰੰਗ ਵਿੰਗੀਆਂ ਸਰਕਾਰਾਂ ਨੂੰ ਮਾਤ ਕਰ ਗਈ ਹੈ। ਕਿਉਂਕਿ ਵੋਟਾਂ ਸਮੇਂ ਇਸ ਸਰਕਾਰ ਵੱਲੋਂ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਸਮੂਹ ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਨੂੰ ਵਿਭਾਗਾਂ ਵਿਚ ਲਿਆ ਕੇ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ। ਜਿਸ ਦੇ ਸਬੰਧ ਵਿੱਚ ਮੁੱਖ ਮੰਤਰੀ ਪੰਜਾਬ ਅਦਾਲਤਾਂ ਤੱਕ ਜਾਣ ਦੇ ਹੋਕਰੇ ਵੀ ਮਾਰਦੇ ਰਹੇ ਹਨ ਅੱਜ ਭਗਤ ਸਿੰਘ ਦੇ ਭੇਸ ਵਿਚ ਛੁਪੇ ਇਨ੍ਹਾਂ ਸਾਮਰਾਜੀ ਸੇਵਾ ਦਾਰਾਂ ਨੇ ਲੋਕਾਂ ਨਾਲ ਗ਼ਦਾਰੀ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਹਨ। ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਨੂੰ ਵਿਭਾਗਾਂ ਅੰਦਰ ਲਿਆ ਕੇ ਰੈਗੂਲਰ ਕਰਨ ਦੀ ਗੱਲ ਤਾਂ ਦੂਰ ਦੀ ਰਹੀ, ਬਾਹਰੋਂ ਪੱਕੀ ਭਰਤੀ ਕਰਕੇ ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਦੀ ਜਿਹੜੇ ਪਿਛਲੇ ਲੰਬੇ ਅਰਸੇ ਤੋਂ ਵਿਭਾਗਾਂ ਵਿਚ ਸੇਵਾ ਨਿਭਾਅ ਰਹੇ ਹਨ ਦੀ ਛਾਂਟੀ ਦਾ ਹਮਲਾ ਵਿਢ ਦਿੱਤਾ ਗਿਆ ਹੈ।ਇਸ ਹਮਲੇ ਰਾਹੀਂ ਤਪਾ ਦੇ ਸਰਕਾਰੀ ਹਸਪਤਾਲ, ਪਾਵਰਕੌਮ ਵਿੱਚ ਐਲ ਡੀ ਸੀ ਦੀ ਭਰਤੀ ਕਰਕੇ ਕੰਪੀਊਟਰ ਉਪਰੇਟਰਾਂ ਦੀ ਛਾਂਟੀ ਕੀਤੀ ਜਾ ਚੁੱਕੀ ਹੈ। ਡੀ ਸੀ ਦਫਤਰ ਬਰਨਾਲਾ ਵਿਖੇ ਤੈਨਾਤ ਆਊਟਸੋਰਸਡ ਮੁਲਾਜ਼ਮਾਂ ਦੀ ਛਾਂਟੀ ਦੀ 31ਦਿਸੰਬਰ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਾਵਰ ਕੋਮ ਵਿੱਚ ਹਜ਼ਾਰਾਂ ਸਹਾਇਕ ਲਾਈਨ ਮੈਨਾਂ ਦੀ ਬਾਹਰੋਂ ਪੱਕੀ ਭਰਤੀ ਕਰਕੇ ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਨੂੰ, ਵੇਰਕਾ ਮਿਲਕ ਪਲਾਂਟ ਦੇ ਕਾਮਿਆਂ ਦਾ ਰੁਜ਼ਗਾਰ ਖੋਹਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਥਾਂ ਇਸ ਸਰਕਾਰ ਦੇ ਰਾਜ ਵਿੱਚ ਠੇਕਾ ਰੁਜ਼ਗਾਰ ਵੀ ਖ਼ਤਰੇ ਮੂੰਹ ਆ ਗਿਆ ਹੈ।ਜਿਸ ਦੀ ਰਾਖੀ ਲਈ ਠੇਕਾ ਮੁਲਾਜ਼ਮਾਂ ਕੋਲ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਬਾਕੀ ਨਹੀਂ ਹੈ। ਕਿਉਂ ਕਿ ਇਕ ਪਾਸੇ ਮੁੱਖ ਮੰਤਰੀ ਪੰਜਾਬ ਪਿਛਲੇ ਦਸ ਮਹੀਨਿਆਂ ਤੋਂ ਗਲਬਾਤ ਦੇ ਦਰਵਾਜ਼ੇ ਬੰਦ ਕਰਕੇ ਬੈਠੇ ਹਨ। ਕਾਮਿਆਂ ਦੇ ਹਕਾਂ ਉਪਰ ਲਗਾਤਾਰ ਹਮਲਿਆਂ ਨੂੰ ਜਾਰੀ ਰਖ ਰਹੇ ਹਨ। ਆਗੂਆਂ ਵੱਲੋਂ ਸਰਕਾਰ ਦੀ ਬੇਈਮਾਨੀ ਦੀ ਸਿਖਰ ਦੀ ਚਰਚਾ ਕਰਦੇ ਹੋਏ ਕਿਹਾ ਗਿਆ ਕਿ ਇਕ ਪਾਸੇ ਉਨ੍ਹਾਂ ਦੇ ਹਕਾਂ ਹਿਤਾਂ ਤੇ ਹਮਲੇ ਜਾਰੀ ਹਨ ਦੂਸਰੇ ਪਾਸੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੇ ਨਾਂ ਹੇਠ ਪਹਿਲੀਆਂ ਸਰਕਾਰਾਂ ਦੇ ਰਾਹ ਤੇ ਚਲਦਿਆਂ ਸਬ ਕਮੇਟੀ ਦਾ ਗਠਨ ਕਰਨ ਦੀ ਧੋਖੇ ਵਾਜੀ ਦੇ ਨਾਲ ਹੀ ਠੇਕਾ ਮੁਲਾਜਮਾਂ ਦੇ ਠੇਕਾ ਰੁਜ਼ਗਾਰ ਤੇ ਹਮਲਾ ਬੋਲਿਆ ਗਿਆ ਹੈ। ਕਿਉਂ ਕਿ ਅਗਰ ਸਬ ਕਮੇਟੀ ਮੁਲਾਜ਼ਮ ਸਮਸਿਆਵਾਂ ਦੇ ਹੱਲ ਕਰਨ ਲਈ ਬਣਾਈ ਗਈ ਹੈ ਤਾਂ ਫਿਰ ਫਿਰ ਠੇਕਾ ਰੁਜ਼ਗਾਰ ਤੇ ਹਮਲਾ ਕਿਉਂ ਇਹ ਗੱਲ ਸਰਕਾਰ ਦੇ ਠੇਕਾ ਮੁਲਾਜ਼ਮਾਂ ਨਾਲ ਧੋਖੇ ਨੂੰ ਜਗਜਾਹਰ ਕਰਨ ਲਈ ਕਾਫੀ ਹੈ।
ਸਰਕਾਰ ਦੇ ਇਨ੍ਹਾਂ ਤਬਾਹਕੁੰਨ ਹੱਲਿਆਂ ਖਿਲਾਫ ਠੇਕਾ ਮੁਲਾਜਮਾਂ ਕੋਲ਼ ਸੰਘਰਸ਼ ਹੀ ਆਪਣੇ ਹੱਕਾਂ ਦੀ ਰਾਖੀ ਦਾ ਇਕੋ ਇਕ ਰਾਹ ਬਾਕੀ ਹੈ ਜਿਸ ਤੇ ਚਲਕੇ ਹੀ ਉਹ ਆਪਣੇ ਭਵਿੱਖ ਨੂੰ ਵਚਾਅ ਸਕਦੇ ਹਨ ਜਿਸ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੈ।*ਠੇਕਾ ਮੋਰਚੇ ਦੇ ਆਗੂਆਂ ਵਲੋਂ ਆਪਣੇ ਸੰਘਰਸ਼ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਕਿ 30ਦਿਸੰਬਰ ਵਾਲੇ ਦਿਨ ਪੰਜਾਬ ਦੇ ਬਰਨਾਲਾ ਮਾਨਸਾ ਮਲੇਰਕੋਟਲਾ ਸੰਗਰੂਰ ਅਤੇ ਬਠਿੰਡਾ ਜ਼ਿਲ੍ਹਿਆਂ ਦਾ ਸਾਂਝਾ ਵਿਸ਼ਾਲ ਇਕੱਠ ਬਰਨਾਲਾ ਜ਼ਿਲ੍ਹਾ ਹੈਡਕੁਆਰਟਰ ਤੇ ਕੀਤਾ ਜਾਵੇਗਾ, ਇਥੇ ਪਹਿਲਾਂ ਇਕ ਵਿਸ਼ਾਲ ਅਤੇ ਰੋਹ ਭਰਪੂਰ ਰੈਲੀ ਕਰਕੇ ਸਰਕਾਰ ਦੀ ਕਾਰਪੋਰੇਟ ਪੱਖੀ ਖ਼ਸਲਤ ਨੰਗੀ ਕੀਤੀ ਜਾਵੇਗੀ, ਡੀਸੀ ਬਰਨਾਲਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਕੇ ਛਾਂਟੀ ਦੇ ਹੁਕਮਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ।ਇਸ ਤੋਂ ਬਾਅਦ ਬਰਨਾਲਾ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਠੀਕ ਇਸ ਹੀ ਤਰ੍ਹਾਂ ਪੰਜਾਬ ਦੇ ਹੋਰ ਵਖ ਵਖ ਜ਼ਿਲਾ ਹੈਡਕੁਆਰਟਰਾਂ ਤੇ ਜ਼ਿਲ੍ਹਾ ਪਧਰੇ ਇਕੱਠ ਕਰਕੇ ਰੈਲੀਆਂ ਕਰਕੇ ਡੀ ਸੀ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਕੇ ਸਾਰੇ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਆਗੂਆਂ ਵੱਲੋਂ ਹੋਰ ਅੱਗੇ ਕਿਹਾ ਗਿਆ ਕਿ ਅਗਰ ਸਰਕਾਰ ਨੇ ਇਸ ਦੇ ਬਾਵਜੂਦ ਵੀ ਮੰਗਾਂ ਦਾ ਵਿਸ਼ੇਸ਼ ਕਰਕੇ ਛਾਂਟੀ ਦੇ ਹੁਕਮਾਂ ਨੂੰ ਰੱਦ ਨਾ ਕੀਤਾ ਤਾਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਆਪਣੇ ਇਸ ਹੱਕੀ ਸੰਘਰਸ਼ ਨੂੰ ਜਿੱਤ ਤੱਕ ਜਾਰੀ ਰੱਖਣ ਲਈ ਮਜਬੂਰ ਹੋਵੇਗਾ ਜਿਸ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ।