4161 ਨਿਯੁਕਤ ਅਧਿਆਪਕਾਂ ਲਈ ਲੋਕਲ ਸਟੇਸ਼ਨ ਖੋਲ੍ਹੇ ਜਾਣ ਦੀ ਮੰਗ
ਦਲਜੀਤ ਕੌਰ
ਸੰਗਰੂਰ, 26 ਦਸੰਬਰ, 2022: ਅੱਜ 4161 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸੰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਚੱਲ ਰਹੀ ਮਾਸਟਰ ਕੇਡਰ ਭਰਤੀ ਬਾਰੇ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੰਦੀਪ ਸਿੰਘ ਗਿੱਲ ਨੇ ਕਿਹਾ ਕਿ ਇੱਕ ਲੰਬੇ ਸੰਘਰਸ਼ ਤੋਂ ਬਾਅਦ 4161 ਮਾਸਟਰ ਕੇਡਰ ਦੀ ਭਰਤੀ ਆਈ ਸੀ। ਆਪ ਸਰਕਾਰ ਵੱਲੋਂ ਵੱਖ ਵੱਖ ਵਿਸ਼ਿਆਂ ਦੇ ਵਿਸ਼ਾਵਾਰ ਟੈਸਟ ਪੂਰੇ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਏ ਗਏ ਸੀ। ਆਪ ਸਰਕਾਰ ਵੱਲੋਂ ਅਧਿਆਪਕ ਭਰਤੀ ਦੇ ਇਤਿਹਾਸ ਵਿਚ ਪਹਿਲੀ ਵਾਰ ਬਾਇਓਮੈਟ੍ਰਿਕ ਅਤੇ ਜੈਮਰ ਲਗਾ ਕੇ ਬਹੁਤ ਹੀ ਪਾਰਦਰਸ਼ੀ ਤਰੀਕੇ ਨਾਲ ਪ੍ਰਿਖਿਆ ਲਈ ਗਈ ਸੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਮਾਲਵਿੰਦਰ ਬਰਨਾਲਾ ਅਤੇ ਜਨਰਲ ਸਕੱਤਰ ਰਸ਼ਪਾਲ ਜਲਾਲਾਬਾਦ ਨੇ ਕਿਹਾ ਭਗਵੰਤ ਮਾਨ ਸਰਕਾਰ 4161 ਭਰਤੀ ਨੂੰ ਜਲਦੀ ਪੂਰਾ ਕਰਕੇ ਅਧਿਆਪਕਾਂ ਨੂੰ ਸਕੂਲਾਂ ਵਿਚ ਭੇਜੇ। ਯੂਨੀਅਨ ਆਗੂਆਂ ਨੇ ਦੱਸਿਆ ਕਿ 4161 ਭਰਤੀ ਬਾਰਡਰ ਏਰੀਏ ਦੀ ਭਰਤੀ ਨਹੀਂ ਹੈ ਇਸ ਲਈ ਨਵ ਨਿਯੁਕਤ ਅਧਿਆਪਕਾਂ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਸਟੇਸ਼ਨ ਖੋਲ੍ਹੇ ਜਾਣ। ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਚੋਣਾਂ ਵੇਲੇ ਵਾਅਦਾ ਕੀਤਾ ਸੀ ਕੇ ਹੁਣ ਅਧਿਆਪਕਾਂ ਨੂੰ ਦੂਰ ਦੁਰਾਡੇ ਖੇਤਰਾਂ ਵਿੱਚ ਨਹੀਂ ਭੇਜਿਆ ਜਾਵੇਗਾ।
ਯੂਨੀਅਨ ਆਗੂਆਂ ਨੇ ਸਰਕਾਰ ਤੋਂ ਇਹ ਮੰਗ ਵੀ ਕੀਤੀ ਕੇ ਗਣਿਤ, ਸਾਇੰਸ ਅਤੇ ਅੰਗਰੇਜ਼ੀ ਦੀਆਂ 598 ਬੈਕਲੋਗ ਅਤੇ 4161 ਵਿਚ ਵੱਖ-ਵੱਖ ਕੈਟਾਗਰੀ ਦੀਆਂ ਬਚੀਆਂ ਬੈਕਲੋਗ ਦੀਆਂ ਅਸਾਮੀਆਂ ਨੂੰ ਪਹਿਲ ਦੇ ਅਧਾਰ ਤੇ ਡੀ ਰਿਜ਼ਰਵ ਕੀਤਾ ਜਾਵੇ, ਤਾਂ ਜ਼ੋ ਵੱਧ ਤੋਂ ਵੱਧ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਸਕੇ। ਵਰਨਣ ਯੋਗ ਹੈ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਐਲਾਨ ਕੀਤਾ ਸੀ 4161 ਮਾਸਟਰ ਕੇਡਰ ਅਧਿਆਪਕਾਂ ਨੂੰ ਨਵੇਂ ਸਾਲ ਤੇ ਨਿਯੁਕਤੀ ਪੱਤਰ ਵੰਡੇ ਜਾਣਗੇ।ਜਿਸ ਨਾਲ ਹਜ਼ਾਰਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ l
ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਹਰਦੀਪ ਬਠਿੰਡਾ, ਸੂਬਾ ਖਜਾਨਚੀ ਇਕਬਾਲ ਮਾਲੇਰਕੋਟਲਾ, ਇੰਦਰਾਜ਼ ਅਬੋਹਰ, ਬਲਕਾਰ ਬੁਢਲਾਡਾ, ਰਿੰਕੂ ਫਾਜ਼ਿਲਕਾ, ਸੰਦੀਪ ਫਿਰੋਜ਼ਪੁਰ, ਗਗਨ ਫਰੀਦਕੋਟ ਆਦਿ ਸੂਬਾ ਕਮੇਟੀ ਮੈਂਬਰ ਵੀ ਹਾਜ਼ਰ ਸਨ।