ਦਲਜੀਤ ਕੌਰ
ਸੰਗਰੂਰ, 23 ਦਸੰਬਰ, 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਇਸ ਹਫਤੇ ਦੌਰਾਨ ਤਿੰਨ ਪਲੇਸਮੈਂਟ ਕੈਂਪ ਲਗਾ ਕੇ ਇਸ ਨੂੰ ਸੁਸ਼ਾਸਨ ਹਫ਼ਤੇ ਦੇ ਰੂਪ ਵਿੱਚ ਮਨਾਇਆ ਗਿਆ।
ਇਸ ਸੰਬੰਧੀ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸੰਗਰੂਰ ਰਵਿੰਦਰਪਾਲ ਸਿੰਘ ਵੱਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਅੱਜ ਪੁਖ਼ਰਾਜ ਹੈਲਥ ਕੇਅਰ ਕੰਪਨੀ ਦੇ ਸਹਿਯੋਗ ਨਾਲ ਵੈੱਲਨੈੱਸ ਐਡਵਾਈਜ਼ਰ ਦੀ ਆਸਾਮੀ ਲਈ ਤੀਜਾ ਪਲੇਸਮੈਂਟ ਕੈਂਪ ਲਾਇਆ ਗਿਆ। ਇਸ ਇੰਟਰਵਿਊ ਵਿੱਚ ਕੁੱਲ 78 ਦੇ ਕਰੀਬ ਪ੍ਰਾਰਥੀਆਂ ਨੇ ਭਾਗ ਲਿਆ ਅਤੇ ਕੰਪਨੀ ਵੱਲੋਂ ਮੌਕੇ ‘ਤੇ ਹੀ ਕੁੱਲ 70 ਪ੍ਰਾਰਥੀਆਂ ਦੀ ਚੋਣ ਕੀਤੀ ਗਈ।
ਇੰਟਰਵਿਊ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਫਸਰ ਸੰਗਰੂਰ ਵੱਲੋਂ ਪ੍ਰਾਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਉਨ੍ਹਾਂ ਨੇ ਪ੍ਰਾਰਥੀਆਂ ਨੂੰ ਦੱਸਿਆ ਕਿ ਇਹ ਪਲੇਸਮੈਂਟ ਕੈਂਪ ਕੇਵਲ ਪ੍ਰਾਈਵੇਟ ਨੌਕਰੀਆਂ ਲਈ ਹੀ ਲਗਾਏ ਜਾਂਦੇ ਹਨ ਅਤੇ ਸਰਕਾਰੀ ਨੌਕਰੀ ਲਈ ਪ੍ਰਾਰਥੀ ਕਾਊਂਸਲਿੰਗ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਾਰਥੀਆਂ ਨੂੰ ਡੀ.ਬੀ.ਈ.ਈ. ਸੰਗਰੂਰ ਵਿਖੇ ਉਪਲੱਬਧ ਸਹੂਲਤਾਂ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ। ਉਨ੍ਹਾਂ ਨੇ ਪ੍ਰਾਰਥੀਆਂ ਨੂੰ ਇਸ ਦਫ਼ਤਰ ਦੁਆਰਾ ਬਣਾਏ ਗਏ ਵੱਟਸਐੱਪ ਗਰੁੱਪਾਂ ਦਾ ਹਿੱਸਾ ਬਣਨ ਲਈ ਕਿਹਾ ਤਾਂ ਜੋ ਇਨ੍ਹਾਂ ਪ੍ਰਾਰਥੀਆਂ ਨੂੰ ਨਵੀਆਂ ਨਿਕਲਣ ਵਾਲੀਆਂ ਸਰਕਾਰੀ/ਪ੍ਰਾਈਵੇਟ ਨੌਕਰੀਆਂ ਅਤੇ ਇਸ ਦਫਤਰ ਵਿਖੇ ਲਗਾਏ ਜਾਣ ਵਾਲੇ ਪਲੇਸਮੈਂਟ ਕੈਂਪਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਾਰਥੀਆਂ ਨੂੰ ਇਸ ਦਫਤਰ ਦੇ ਫੇਸਬੁੱਕ ਪੇਜ਼, ਇੰਸਟਾਗ੍ਰਾਮ ਪੇਜ਼ ਅਤੇ ਟੈਲੀਗ੍ਰਾਮ ਪੇਜ਼ ਨੂੰ ਫੋਲੋ ਕਰਨ ਲਈ ਵੀ ਕਿਹਾ ਅਤੇ ਭਵਿੱਖ ਵਿੱਚ ਲੱਗਣ ਵਾਲੇ ਪਲੇਸਮੈਂਟ ਕੈਂਪਾਂ ਵਿੱਚ ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੀ.ਐੇਸ.ਡੀ.ਐੱਮ.- ਡੀ.ਪੀ.ਐੱਮ.ਯੂ. ਸੰਗਰੂਰ ਦੇ ਨੁਮਾਇੰਦੇ ਵੀ ਮੌਜੂਦ ਸਨ।