ਮੋਹਾਲੀ: 23 ਦਸੰਬਰ, ਦੇਸ਼ ਕਲਿੱਕ ਬਿਓਰੋ
ਪਾਵਰਕਾਮ (PSPCL) ਡਿਵੀਜ਼ਨ ਮੁਹਾਲੀ ਦੇ ਪੈਨਸ਼ਨਰਜ਼ ਵੱਲੋਂ ਦਫ਼ਤਰ ਡਿਵੀਜ਼ਨ ਮੁਹਾਲੀ ਵਿਖੇ ਪੈਨਸ਼ਨਰਜ਼ ਦਿਵਸ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਪਿਲ ਦੇਵ ਅਗਨੀਹੋਤਰੀ ਨੇ ਕੀਤੀ। ਸੈਂਕੜੇ ਪੈਨਸ਼ਨਰਜ਼ ਨੇ ਸਮਾਗਮ ਚ ਸ਼ਮੂਲੀਅਤ ਕੀਤੀ। ਸਮਾਗਮ ਨੂੰ ਸੂਬਾ ਕਮੇਟੀ ਦੇ ਮੀਤ ਪ੍ਰਧਾਨ ਸਿਕੰਦਰ ਸਿੰਘ ਸਮਰਾਲਾ ਨੇ ਸੰਬਧੋਨ ਕੀਤਾ। ਪਾਵਰਕਾਮ ਮੈਨੇਜਮੈਂਟ ਨੇ 21 ਦਸੰਬਰ ਨੂੰ ਪਟਿਆਲਾ ਵਿਖੇ ਮੀਟਿੰਗ ਚ ਪਾਵਰਕਾਮ ਦੇ ਪੈਨਸ਼ਨਰਜ਼ ਦੀਆਂ ਸਾਰੀਆਂ ਜਾਇਜ਼ ਮੰਗਾਂ ਸਵੀਕਾਰ ਕੀਤੀਆਂ। 14 ਸੂਤਰੀ ਮੰਗ ਪੱਤਰ ਤੇ ਵਿਚਾਰ ਕੀਤੇ ਗਏ ਅਤੇ ਪੂਰਾ ਕਰਨ ਦਾ ਵਾਅਦਾ ਕੀਤਾ।
ਮਹਿੰਗਾਈ ਭੱਤੇ ਦੀ ਰਹਿੰਦੀ ਕਿਸ਼ਤ ਅਤੇ ਬਕਾਇਆ ਦੇਣ, ਸਕੂਲਾਂ ਦੀਆਂ ਤਰੁਟੀਆਂ ਦੂਰ ਕਰਨ ਦਾ ਵਾਅਦਾ ਕੀਤਾ। ਪੈਨਸ਼ਨਰਜ਼ ਦੀ ਪੈਨਸ਼ਨ 2.45 ਦੀ ਜਗਾਹ 2.59 ਦੇ ਦੁਆਰਾ ਫਿਕਸ ਕਰਕੇ ਬਕਾਇਆ ਦਿੱਤਾ ਜਾਵੇ। ਸਾਰੇ ਪੈਨਸ਼ਨਰਜ਼ ਨੂੰ ਬਿਜਲੀ ਯੂਨਿਟਾਂ ਦੀ ਰਿਆਇਤ ਦਿੱਤੀ ਜਾਵੇ। ਸਾਰਿਆਂ ਨੂੰ 23 ਸਾਲਾ ਸਕੇਲ ਅਤੇ ਪੇ- ਬੈਂਡ ਬਿਨਾਂ ਸ਼ਰਤ ਲਾਗੂ ਕੀਤਾ ਜਾਵੇ। ਕੈਸ਼ਲੈਸ ਮੈਡੀਕਲ ਸਕੀਮ ਮੁੜ ਲਾਗੂ ਕੀਤੀ ਜਾਵੇ। ਸਾਰੀਆਂ 14 ਮੰਗਾਂ ਪੂਰੀਆਂ ਕੀਤੀਆਂ ਜਾਣ। ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਨੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਗਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।
ਸਮਾਗਮ ਨੂੰ ਪੈਨਸ਼ਨਰਜ਼ ਐਸੋਸੀਏਸ਼ਨ ਦੇ ਡਿਵੀਜ਼ਨ ਅਤੇ ਸਰਕਲ ਮੁਹਾਲੀ ਦੇ ਆਗੂਆਂ – ਸੁਰਿੰਦਰ ਮੱਲ੍ਹੀ, ਲੱਖਾ ਸਿੰਘ, ਰਜਿੰਦਰ ਕੁਮਾਰ, ਜਗਦੀਸ਼ ਕੁਮਾਰ, ਜਤਿੰਦਰ ਸਿੰਘ, ਰਣਜੀਤ ਬਲਿੰਗ, ਹਰਭਜਨ ਸਿੰਘ ਖਰੜ, ਰਣਜੀਤ ਸਿੰਘ ਜ਼ੀਰਕਪੁਰ (ਸਰਕਲ ਸਕੱਤਰ ਮੁਹਾਲੀ), ਬਲਬੀਰ ਸਿੰਘ ਗਿੱਲ, ਰਮੇਸ਼ ਕੁਮਾਰ ਅਤੇ ਪਰਮਜੀਤ ਸਿੰਘ ਨੇ ਸੰਬੋਧਨ ਕੀਤਾ। TSU ਦੇ ਸਰਕਲ ਪ੍ਰਧਾਨ ਗੁਰਬਖਸ਼ ਸਿੰਘ ਨੇ ਵੀ ਸੰਬੋਧਨ ਕੀਤਾ। ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸੀਨੀਅਰ ਪੈਨਸ਼ਨਰਜ਼ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸਾਬਕਾ ਟੀਚਰ ਆਗੂ ਅਤੇ ਵਰਗ ਚੇਤਨਾ ਮੈਗਜ਼ੀਨ ਦੇ ਸੰਪਾਦਕ ਮਾਸਟਰ ਯਸ਼ ਪਾਲ ਨੇ ਸੰਬੋਧਨ ਕੀਤਾ। ਉਨ੍ਹਾਂ ਨੇ ਨਵੀਂ ਅਤੇ ਪੁਰਾਣੀ ਪੈਨਸ਼ਨ ਸਕੀਮ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਪੈਨਸ਼ਨਰਜ਼ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਾਇਆ।