ਨਵੀਂ ਦਿੱਲੀ: 7 ਦਸੰਬਰ, ਦੇਸ਼ ਕਲਿੱਕ ਬਿਓਰੋ
ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਨਗਰ ਨਿਗਮ MCD ਲਈ ਵੱਕਾਰੀ ਲੜਾਈ ਜਿੱਤ ਕੇ ਭਾਜਪਾ ਦੇ 15 ਸਾਲਾਂ ਦੇ ਸ਼ਾਸਨ ਦਾ ਅੰਤ ਕਰ ਦਿੱਤਾ ਹੈ।
ਆਮ ਆਦਮੀ ਪਾਰਟੀ ਨੂੰ ਦਿੱਲੀ ਨਗਰ ਨਿਗਮ ਚੋਣਾਂ ਦੇ ਵਿਚ ਬਹੁਮਤ ਮਿਲ ਗਿਆ ਹੈ। ਆਪ ਵਲੋਂ 134 ਸੀਟਾਂ ਜਿੱਤ ਲਈਆਂ ਗਈਆਂ ਹਨ, ਜਦੋਂਕਿ ਭਾਜਪਾ ਨੇ 104 ਸੀਟਾਂ, ਕਾਂਗਰਸ ਨੇ 9 ਸੀਟਾਂ ਜਿੱਤੀਆਂ ਹਨ।
MCD ਦੇ 250 ਵਾਰਡਾਂ ਦੀ ਗਿਣਤੀ ਬੁੱਧਵਾਰ ਸਵੇਰੇ 8 ਵਜੇ 42 ਕੇਂਦਰਾਂ 'ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸ਼ੁਰੂ ਹੋਈ। ਕੁੱਲ 1,349 ਉਮੀਦਵਾਰ ਮੈਦਾਨ ਵਿੱਚ ਸਨ।
ਇਸ ਸਾਲ ਦੇ ਸ਼ੁਰੂ ਵਿੱਚ ਐਮਸੀਡੀ ਦੇ ਮੁੜ ਏਕੀਕਰਨ ਤੋਂ ਬਾਅਦ ਇਹ ਪਹਿਲੀ ਚੋਣ ਸੀ। ਇਨ੍ਹਾਂ ਚੋਣਾਂ ਵਿੱਚ ਕੁੱਲ 1.45 ਕਰੋੜ ਯੋਗ ਵੋਟਰਾਂ ਵਿੱਚੋਂ ਸਿਰਫ਼ 73 ਲੱਖ ਲੋਕਾਂ ਨੇ ਸਿਰਫ਼ 50.48 ਫ਼ੀਸਦੀ ਵੋਟਿੰਗ ਕੀਤੀ।
ਇਸ ਤੋਂ ਪਹਿਲਾਂ ਦਿਨ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਡਿਪਟੀ ਮਨੀਸ਼ ਸਿਸੋਦੀਆ ਅਤੇ 'ਆਪ' ਦੇ ਹੋਰ ਸੀਨੀਅਰ ਨੇਤਾਵਾਂ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੀਟਿੰਗ ਕੀਤੀ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸਨ।
ਪਾਰਟੀ ਹੈੱਡਕੁਆਰਟਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਬੁਲਾਰੇ ਸੰਜੀਵ ਝਾਅ ਨੇ ਕਿਹਾ ਕਿ ਮੇਅਰ ‘ਆਪ’ ਦਾ ਹੀ ਹੋਵੇਗਾ।
ਉਨ੍ਹਾਂ ਕਿਹਾ, "ਭਾਜਪਾ ਨੇ ਦਿੱਲੀ ਨੂੰ ਕੂੜੇ ਵਿੱਚ ਢੱਕ ਦਿੱਤਾ ਹੈ, ਇਸਨੂੰ ਸਾਫ਼ ਕੀਤਾ ਜਾਵੇਗਾ ਅਤੇ ਐਮਸੀਡੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੇਗੀ। ਦਿੱਲੀ ਦੇ ਲੋਕਾਂ ਨੇ 'ਆਪ' ਨੂੰ ਐਮਸੀਡੀ ਵਿੱਚ ਲਿਆਉਣ ਦਾ ਫੈਸਲਾ ਕੀਤਾ ਸੀ ਤਾਂ ਜੋ ਦਿੱਲੀ ਸਾਫ਼ ਅਤੇ ਸੁੰਦਰ ਬਣ ਸਕੇ।"