ਨਵੀਂ ਦਿੱਲੀ,3 ਦਸੰਬਰ,ਦੇਸ਼ ਕਲਿਕ ਬਿਊਰੋ:
ਦਿੱਲੀ ਵਿੱਚ ਭਲਕੇ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋ ਰਹੀ ਹੈ। 4 ਦਸੰਬਰ ਨੂੰ ਹੋਣ ਵਾਲੀਆਂ ਵੋਟਾਂ ਲਈ ਸਾਰੇ ਸਰਕਾਰੀ ਸਕੂਲਾਂ ਵਿੱਚ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਅਜਿਹੇ 'ਚ ਉਨ੍ਹਾਂ ਦੀ ਤਿਆਰੀ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਸਾਰੇ ਸਰਕਾਰੀ ਸਕੂਲਾਂ 'ਚ ਛੁੱਟੀ ਹੋਵੇਗੀ। ਇਸ ਦੀ ਬਜਾਏ, ਸਕੂਲ 10 ਦਸੰਬਰ ਨੂੰ ਦੂਜੇ ਸ਼ਨੀਵਾਰ ਨੂੰ ਖੁੱਲ੍ਹਣਗੇ।ਸਿੱਖਿਆ ਡਾਇਰੈਕਟੋਰੇਟ ਵੱਲੋਂ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ 3 ਦਸੰਬਰ ਨੂੰ ਸਕੂਲ ਬੰਦ ਹੋਣ ਦੀ ਸੂਚਨਾ ਵਿਦਿਆਰਥੀਆਂ, ਸਟਾਫ਼ ਮੈਂਬਰਾਂ, ਸਕੂਲ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਮਾਪਿਆਂ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕੁਝ ਖੇਤਰਾਂ ਦੇ ਪ੍ਰਾਈਵੇਟ ਸਕੂਲਾਂ ਨੇ ਵੀ ਐਮਸੀਡੀ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਮਾਪਿਆਂ ਨੂੰ ਸੰਦੇਸ਼ ਰਾਹੀਂ ਜਾਣਕਾਰੀ ਦਿੱਤੀ ਗਈ ਹੈ।MCD ਚੋਣਾਂ ਦੇ ਮੱਦੇਨਜ਼ਰ ਐਤਵਾਰ ਸਵੇਰੇ 4 ਵਜੇ ਤੋਂ ਮੈਟਰੋ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਅੱਧੇ ਘੰਟੇ ਦੇ ਅੰਤਰਾਲ 'ਤੇ ਸਵੇਰੇ 4 ਵਜੇ ਤੋਂ ਸਵੇਰੇ 6 ਵਜੇ ਤੱਕ ਸਾਰੀਆਂ ਲਾਈਨਾਂ 'ਤੇ ਮੈਟਰੋ ਉਪਲਬਧ ਹੋਵੇਗੀ। ਇਸ ਤੋਂ ਬਾਅਦ ਮੈਟਰੋ ਆਮ ਸਮਾਂ ਸਾਰਣੀ ਮੁਤਾਬਕ ਚੱਲੇਗੀ। ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਨੇ ਵੀ ਸਵੇਰੇ 3 ਵਜੇ ਤੋਂ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ 35 ਰੂਟਾਂ 'ਤੇ ਬੱਸਾਂ ਚਲਾਈਆਂ ਜਾਣਗੀਆਂ, ਤਾਂ ਜੋ ਆਵਾਜਾਈ 'ਚ ਕੋਈ ਦਿੱਕਤ ਨਾ ਆਵੇ। ਵੋਟਾਂ ਦੀ ਗਿਣਤੀ ਦੌਰਾਨ ਬੁੱਧਵਾਰ ਨੂੰ ਵੀ ਸਵੇਰੇ 3 ਵਜੇ ਬੱਸ ਸੇਵਾ ਸ਼ੁਰੂ ਹੋ ਜਾਵੇਗੀ।