ਆਊਟਸੋਰਸ ਕਾਮਿਆਂ ਨੂੰ ਪੱਕੇ ਕਰਵਾਉਣ, ਕਰੰਟ ਦੌਰਾਨ ਮੌਤ ਦੇ ਮੂੰਹ ਤੇ ਅਪੰਗ ਹੋਏ ਕਾਮਿਆਂ ਨੂੰ ਮੁਆਵਜੇ ਤੇ ਨੌਕਰੀ ਦੀ ਮੰਗ
ਲਹਿਰਾ ਮੁਹੱਬਤ: 28 ਨਵੰਬਰ, ਦੇਸ਼ ਕਲਿੱਕ ਬਿਓਰੋ
ਪਾਵਰਕਾਮ ਐਂਡ ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਸੂਬਾ ਕਮੇਟੀ ਤੇ ਸਰਕਲ ਡਵੀਜ਼ਨ ਪ੍ਰਧਾਨ ਤੇ ਕਮੇਟੀ ਮੈਂਬਰ ਮੀਟਿੰਗ ਵਿੱਚ ਸ਼ਾਮਿਲ ਹੋਏ। ਮੀਟਿੰਗ ਵਿੱਚ ਮੰਗਾਂ ਨੂੰ ਲੈ ਕੇ ਚਲ ਰਹੇ ਸੰਘਰਸ਼ ਬਾਰੇ ਅਤੇ ਪਿਛਲੇ ਸਮੇਂ ਚ' ਹੋਈ ਬਿਜਲੀ ਮੰਤਰੀ ਤੇ ਅਧਿਕਾਰੀਆਂ ਨਾਲ ਹੋਈ ਬੈਠਕ ‘ਤੇ ਚਰਚਾ ਹੋਈ।
ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਸਹਿ ਸਕੱਤਰ ਅਜੇ ਕੁਮਾਰ, ਸੂਬਾ ਦਫ਼ਤਰ ਸਕੱਤਰ ਸ਼ੇਰ ਸਿੰਘ, ਸੂਬਾ ਵਿੱਤ ਸਕੱਤਰ ਚਮਕੌਰ ਸਿੰਘ ਅਤੇ ਸੂਬਾ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਸੀ.ਐੱਚ.ਬੀ ਤੇ ਡਬਲਿਊ ਪੈਸਕੋ ਟ੍ਰਾਂਸਕੋ, ਕੰਪਿਊਟਰ ਅਪਰੇਟਰ, ਮੀਟਰ ਰੀਡਰ, ਸਟੋਰ ਕੀਪਰ ਅਤੇ ਹੋਰ ਠੇਕਾ ਕਾਮੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਸੰਘਰਸ਼ ਦੌਰਾਨ ਪਾਵਰਕੌਮ ਮੈਨੇਜਮੈਂਟ ਅਧਿਕਾਰੀਆਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ ਨਾਲ ਅਨੇਕਾਂ ਵਾਰ ਮੀਟਿੰਗਾਂ ਹੋਈਆਂ । ਉਨ੍ਹਾਂ ਦੱਸਿਆ ਕਿ ਬਾਹਰੋਂ ਪੱਕੀ ਭਰਤੀ ਤੋਂ ਪਹਿਲਾਂ ਉਨ੍ਹਾਂ ਪੋਸਟਾਂ ਤੇ ਕੰਮ ਕਰਦੇ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ, ਬਿਜਲੀ ਵਿਭਾਗ ਅੰਦਰ ਸੇਵਾਵਾਂ ਨਿਭਾ ਰਹੇ ਅਨੇਕਾਂ ਕਾਮੇ ਅਪੰਗ ਹੋ ਗਏ ਜਿਹਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਤੇ ਪੱਕੀ ਨੋਕਰੀ ਦਾ ਪ੍ਰਬੰਧ ਕਰਵਾਉਣ ਅਤੇ ਵਧੀਆ ਹਸਪਤਾਲਾਂ ਚ' ਸਰਕਾਰੀ ਸਹੂਲਤਾਂ ਤਹਿਤ ਸਰਕਾਰ ਦੇ ਖਰਚੇ ਤੇ ਇਲਾਜ ਕਰਨ, ਪਿਛਲੇ ਸਮੇਂ ਛਾਟੀ ਕੀਤੇ ਕਾਮਿਆਂ ਨੂੰ ਬਹਾਲ ਕਰਨ, ਪਿਛਲੇ ਠੇਕੇਦਾਰਾਂ/ਕੰਪਨੀਆਂ ਨੇ ਕੀਤੇ ਕਰੋੜਾਂ/ਅਰਬਾਂ ਰੁਪਏ ਦੇ ਪੁਰਾਣੇ ਬਕਾਏ ਏਰੀਅਰ,ਬੋਨਸ, ਈ.ਪੀ.ਐੱਫ, ਲੇਬਰ ਵੈਲਫੇਅਰ ਸਮੇਤ ਸਾਰਾ ਪੁਰਾਣਾ ਬਕਾਇਆ ਜਾਰੀ ਕਰਨ, ਟੀ.ਟੀ.ਆਈ ਰਾਹੀ ਕਾਮਿਆਂ ਦੀ ਟ੍ਰੇਨਿੰਗ ਦਾ ਪ੍ਰਬੰਧ ਕਰਵਾਉਣ, ਕਾਮਿਆਂ ਦੇ ਤੇਲ ਭੱਤੇ ਚ' ਵਾਧਾ ਕਰਨ, ਘੱਟੋ ਘੱਟ ਗੁਜਾਰੇ ਯੋਗ ਤਨਖਾਹ ਨਿਸ਼ਚਿਤ ਕਰਨ ਅਤੇ ਹੋਰ ਮੰਗਾਂ ਤੇ ਲਗਾਤਾਰ ਚਰਚਾ ਹੋਈ। ਜਿਸ ਵਿੱਚ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ, ਬਿਜਲੀ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ ਅਤੇ ਕਿਰਤ ਮੰਤਰੀ ਸ੍ਰੀ ਅਣਮੋਲ ਗਗਨ ਮਾਨ ਅਤੇ ਅਧਿਕਾਰੀਆਂ ਵਲੋੰ ਮੰਗਾਂ ਨੂੰ ਹੱਲ ਕਰਨ ਦਾ ਪਹਿਲਾਂ ਵਾਲੀਆਂ ਸਰਕਾਰਾਂ ਵਾਗ ਭਰੋਸਾ ਹੀ ਦਿੱਤਾ ਪਰ ਕੋਈ ਵੀ ਮੰਗ ਦਾ ਹੱਲ ਨਾ ਹੋ ਸਕਿਆ ਜਿਸ ਦੇ ਕਾਰਨ ਬਿਜਲੀ ਦੀਆਂ ਸੇਵਾਵਾਂ ਨਿਭਾਉਂਦੇ ਜਾਨਾਂ ਗਵਾ ਬੈਠੇ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜਾ ਅਤੇ ਨੌਕਰੀ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ, ਸਗੋ ਅਧਿਕਾਰੀਆਂ ਵਲੋਂ ਟਾਲ ਮਟੋਲ ਵਾਲੀ ਹੀ ਨੀਤੀ ਆਪਣਾਈ ਗਈ। ਜਿਸ ਕਾਰਨ ਠੇਕਾ ਕਾਮਿਆਂ ਚ' ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਸਿ਼ੱਟੇ ਵਜੋਂ ਅੱਜ ਸੂਬਾ ਵਰਕਿੰਗ ਦੀ ਮੀਟਿੰਗ ਕਰ ਸੰਘਰਸ਼ ਦਾ ਐਲਾਨ ਕਰਦੇ ਹੋਏ ਬਿਜਲੀ ਮੰਤਰੀ ਦੇ ਹਲਕੇ ਚ' 10 ਦਸੰਬਰ 2022 ਨੂੰ ਰੋਸ ਪ੍ਰਦਰਸ਼ਨ ਕਰਨ ਅਤੇ ਮੰਤਰੀ ਕੋਠੀ ਘੇਰਨ ਦਾ ਫੈਸਲਾ ਕੀਤਾ , ਜਦੋਂ ਤੱਕ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ । ਜਿਸ ਦੀ ਤਿਆਰੀ ਵਜੋਂ ਸੂਬਾ ਵਰਕਿੰਗ ਕਮੇਟੀ ਮੈਬਰਾਂ ਦੀਆਂ ਡਿਊਟੀ ਲਗਾਈਆਂ ਜਿਸ ਚ' ਵੱਡੀ ਗਿਣਤੀ ਚ' ਸੀ.ਐੱਚ.ਬੀ ਕਾਮਿਆਂ ਦੇ ਪਰਿਵਾਰਾਂ ਤੇ ਬੱਚੇ ਸ਼ਮੂਲੀਅਤ ਕਰਨਗੇ।