ਸਹਾਇਕ ਲਾਈਨਮੈਨ ਦੀਆਂ ਪੋਸਟਾਂ ਭਰਨ ਤੋਂ ਪਹਿਲਾਂ ਉਨ੍ਹਾਂ ਪੋਸਟਾਂ ਤੇ ਕੰਮ ਕਰਦੇ ਠੇਕਾ ਕਾਮਿਆਂ ਨੂੰ ਰੈਗੂਲਰ ਕਰੇ ਸਰਕਾਰ'
ਲਹਿਰਾ ਮੁਹੱਬਤ:30 ਅਕਤੂਬਰ 2022, ਦੇਸ਼ ਕਲਿੱਕ ਬਿਓਰੋ
ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ, ਸਰਕਾਰ ਅਤੇ ਮੈਨੇਜਮੈਂਟ ਵੱਲੋਂ ਮੰਗਾਂ ਨੂੰ ਹੱਲ ਕਰਨ ਦੇ ਭਰੋਸੇ ਹੀ ਮਿਲੇ ਪਰ ਮੰਗਾਂ ਦਾ ਹੱਲ ਨਾ ਹੋਇਆ ਜਿਸ ਦੇ ਕਾਰਨ ਠੇਕਾ ਕਾਮਿਆਂ ਨੇ ਸੰਘਰਸ਼ ਦਾ ਬਿਗਲ ਵਜਾਉਣ ਦਾ ਫੈਸਲਾ ਕੀਤਾ ਹੈ।
ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਸਕੱਤਰ ਰਜੇਸ਼ ਕੁਮਾਰ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਮੀਤ ਪ੍ਰਧਾਨ ਚੌਧਰ ਸਿੰਘ ਸਹਾਇਕ ਸਕੱਤਰ ਅਜੇ ਕੁਮਾਰ ਦਫਤਰੀ ਸਕੱਤਰ ਸ਼ੇਰ ਸਿੰਘ ਸੂਬਾ ਵਿੱਤ ਸਕੱਤਰ ਚਮਕੌਰ ਸਿੰਘ ਸੂਬਾ ਮੈਂਬਰ ਟੇਕਚੰਦ ਮਨਿੰਦਰ ਸਿੰਘ ਅਤੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਾਵਰਕਾਮ ਸੀਐਚ ਬੀ ਤੇ ਡਬਲਿਊ ਠੇਕਾ ਕਾਮੇ ਲੰਮੇ ਸਮੇਂ ਤੋਂ ਬਿਜਲੀ ਵਿਭਾਗ ਅੰਦਰ ਠੇਕੇ ਤੇ ਸੇਵਾਵਾਂ ਨਿਭਾਅ ਰਹੇ ਹਨ। ਨਿਰਵਿਘਨ ਸਪਲਾਈ ਨੂੰ ਬਹਾਲ ਰੱਖਣ ਲਈ ਠੇਕਾ ਕਾਮੇ ਦਿਨ ਰਾਤ ਬਿਜਲੀ ਸਪਲਾਈ ਦਾ ਕੰਮ ਕਰ ਰਹੇ ਹਨ ਜਿੱਥੇ ਬਿਜਲੀ ਸਪਲਾਈ ਨੂੰ ਕਾਮੇ ਬਹਾਲ ਰੱਖ ਰਹੇ ਹਨ ਉੱਥੇ ਹੀ ਕੰਮ ਕਰਦਿਆਂ ਘਾਤਕ ਅਤੇ ਗ਼ੈਰ ਘਾਤਕ ਹਾਦਸੇ ਵਾਪਰੇ ਤੇ ਕਈ ਕਾਮੇ ਮੌਤ ਦੇ ਮੂੰਹ ਪਏ ਤੇ ਕਈ ਕਾਮੇ ਅਪੰਗ ਹੋ ਗਏ ਜਿਨ੍ਹਾਂ ਦੇ ਪਰਿਵਾਰਾਂ ਨੂੰ ਨਾ ਤਾਂ ਸਰਕਾਰ ਨੇ ਕੋਈ ਮੁਆਵਜ਼ਾ ਦਿੱਤਾ ਅਤੇ ਨਾ ਹੀ ਕੋਈ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਿਸ ਦੇ ਕਾਰਨ ਹਾਦਸਾਗ੍ਰਸਤ ਕਾਮਿਆਂ ਦੇ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਵੀ ਮਜਬੂਰ ਹਨ । ਜਿਸ ਦੇ ਲਈ ਲਗਾਤਾਰ ਕਾਮਿਆਂ ਦੇ ਪਰਿਵਾਰ ਸੰਘਰਸ਼ਸ਼ੀਲ ਵੀ ਹਨ । ਪਰ ਸਰਕਾਰ ਤੇ ਮੈਨੇਜਮੈਂਟ ਦੇ ਕੰਨ ਤੇ ਜੂੰ ਨਾ ਸਰਕੀ। ਸੰਘਰਸ਼ ਦੌਰਾਨ ਮੁੱਖ ਮੰਤਰੀ ਬਿਜਲੀ ਮੰਤਰੀ, ਕਿਰਤ ਮੰਤਰੀ ਅਤੇ ਪਾਵਰਕੌਮ ਮੈਨੇਜਮੈਂਟ ਦੇ ਚੇਅਰਮੈਨ ਸਮੇਤ ਉੱਚ ਅਧਿਕਾਰੀਆਂ ਨਾਲ ਕਈ ਵਾਰ ਬੈਠਕਾਂ ਹੋਈਆਂ ਜਿਨ੍ਹਾਂ ਵਿਚ 31 ਅਕਤੂਬਰ ਤੱਕ ਘਾਤਕ ਤੇ ਗੈਰ ਘਾਤਕ ਹਾਦਸਿਆਂ ਨੂੰ ਮੁਆਵਜਾ ਦੇਣ ਦਾ ਫ਼ੈਸਲਾ ਕੀਤਾ ਸੀ ਪਰ ਹਾਲੇ ਤਕ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੱਕ ਨਹੀਂ ਦਿੱਤਾ ਗਿਆ । ਅਤੇ ਹੁਣ ਸਰਕਾਰ ਨੇ ਰੈਗੂਲਰ ਅਸਾਮੀਆਂ ਵਿਰੁੱਧ ਠੇਕੇ ਤੇ ਕੰਮ ਕਰਦੇ ਕਾਮਿਆਂ ਨੂੰ ਬਾਹਰੋਂ ਰੈਗੂਲਰ ਭਰਤੀ ਕਰਨ ਤੇ ਠੇਕਾ ਕਾਮਿਆਂ ਘਰਾਂ ਨੂੰ ਤੋਰਨ ਦੀ ਤਿਆਰੀ ਚ ਜੁਟਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਨੂੰ ਕਿਸੇ ਵੀ ਹੱਦ ਤਕ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਬਾਹਰੋਂ ਪੱਕੀ ਭਰਤੀ ਕਰਨ ਤੋਂ ਪਹਿਲਾਂ ਉਨ੍ਹਾਂ ਪੋਸਟਾਂ ਤੇ ਕੰਮ ਕਰਦੇ ਠੇਕਾ ਕਾਮਿਆਂ ਨੂੰ ਰੈਗੂਲਰ ਕਰਵਾਉਣ ਲਈ, ਹਾਦਸਾਗ੍ਰਸਤ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਪੱਕੀ ਨੌਕਰੀ ਪੈਨਸ਼ਨ ਦਾ ਪ੍ਰਬੰਧ ਕਰਵਾਉਣ, ਛਾਂਟੀ ਕੀਤੇ ਗਏ ਕਾਮਿਆਂ ਨੂੰ ਮੁੜ ਨੌਕਰੀ ਤੇ ਬਹਾਲ ਕਰਵਾਉਣ, ਠੇਕੇਦਾਰ ਕੰਪਨੀਆਂ ਵੱਲੋਂ ਕੀਤੇ ਕਰੋੜਾਂ ਅਰਬਾਂ ਰੁਪਏ ਦਾ ਘਪਲਾ ਬਕਾਇਆ ਜਾਰੀ ਕਰਵਾਉਣ, ਸੀ ਐਚ ਬੀ ਅਤੇ ਡਬਲਿਊ ਠੇਕਾ ਕਾਮੇ ਪਰਿਵਾਰਾਂ ਅਤੇ ਬੱਚਿਆਂ ਸਮੇਤ 1 ਨਵੰਬਰ 2022 ਨੂੰ ਪਟਿਆਲਾ ਹੈੱਡ ਆਫਿਸ ਦੇ ਤਿੰਨੋਂ ਗੇਟਾਂ ਦੀ ਘਿਰਾਓ ਕਰਨਗੇ ਅਤੇ ਪੈਸਕੋ ਦੇ ਠੇਕਾ ਕਾਮੇ ਚੀਫ ਇੰਜੀਨੀਅਰ ਬਠਿੰਡਾ ਦੇ ਦਫ਼ਤਰ ਅਤੇ ਥਰਮਲਾਂ ਦੇ ਕਾਮੇ ਥਰਮਲ ਗੇਟਾ ਅੱਗੇ ਪ੍ਰਦਰਸ਼ਨ ਕਰਨਗੇ ।