ਹੱਕਾਂ ਦੀ ਰਾਖੀ ਲਈ ਅਗਲੇ ਤਿੱਖੇ ਸੰਘਰਸ਼ ਦਾ ਐਲਾਨ
ਬਠਿੰਡਾ: 29 ਅਕਤੂਬਰ, ਦੇਸ਼ ਕਲਿੱਕ ਬਿਓਰੋ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੀ ਸੂਬਾ ਪੱਧਰੀ ਮੀਟਿੰਗ ਸ਼ੇਰ ਸਿੰਘ ਖੰਨਾ ਦੀ ਅਗਵਾਈ ਵਿੱਚ ਪਟਿਆਲਾ ਵਿਖੇ ਹੋਈ,ਮੀਟਿੰਗ ਵਿੱਚ ਸ਼ਾਮਿਲ ਮੋਰਚੇ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ,ਜਗਰੂਪ ਸਿੰਘ,ਗੁਰਵਿੰਦਰ ਸਿੰਘ ਪੰਨੂੰ,ਬਲਿਹਾਰ ਸਿੰਘ,ਸਿਮਰਨਜੀਤ ਸਿੰਘ ਨੀਲੋਂ,ਰਮਨਪ੍ਰੀਤ ਕੌਰ ਮਾਨ,ਪਵਨਦੀਪ ਸਿੰਘ,ਸੁਰਿੰਦਰ ਕੁਮਾਰ,ਜਸਪ੍ਰੀਤ ਸਿੰਘ ਗਗਨ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਦੇ ਸਰਗਰਮ ਆਗੂਆਂ ਵੱਲੋੰ ਪੰਜਾਬ ਸਰਕਾਰ ਵੱਲੋਂ ਮਿਤੀ 03-04-2022 ਤੋਂ ਲੈਕੇ ਹੁਣ ਤੱਕ ਹਰ ਸੰਘਰਸ਼ ਉਪਰੰਤ ਪੜਾਅਵਾਰ ਲਗਾਤਾਰ ਪੰਜਵੀਂ ਵਾਰ ਲਿਖਤੀ ਮੀਟਿੰਗ ਕਰਨ ਦਾ ਭਰੋਸਾ ਦੇਕੇ ਐਨ ਮੌਕੇ ਤੇ ਜਾਕੇ ਮੀਟਿੰਗ ਕਰਨ ਤੋਂ ਭੱਜ ਜਾਣ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ,ਆਗੂਆਂ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਅਗਲੇ ਤਿੱਖੇ ਸੰਘਰਸ਼ਾਂ ਵਿੱਚ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਭੇਸ਼ ਵਿੱਚ ਛੁਪੀ ਕਾਰਪੋਰੇਟ ਘਰਾਣਿਆਂ ਦੀ ਸੇਵਾਦਾਰ ਆਪ ਸਰਕਾਰ ਨੂੰ ਠੀਕ ਲੋਕਪੱਖੀ ਰਾਹ ਤੇ ਤੁਰਨ ਲਈ ਮਜਬੂਰ ਕਰਕੇ ਦੇਸ ਦੇ ਪੈਦਾਵਾਰੀ ਸਰੋਤਾਂ ਅਤੇ ਮਿਹਨਤ ਸ਼ਕਤੀ ਦੀ ਰਾਖੀ ਕਰਕੇ ਆਪਣੇ ਹਿੱਤ ਬਚਾਏ ਜਾ ਸਕਣ,ਆਗੂਆਂ ਨੇ ਮੋਰਚੇ ਦੇ ਬੈਨਰ ਹੇਠ ਉਲੀਕੇ ਅਗਲੇ ਸੰਘਰਸ਼ਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਸਮੂਹ ਸਰਕਾਰੀ ਅਦਾਰਿਆਂ ਵਿੱਚ ਆਊਟਸੋਰਸ਼ਡ,ਇਨਲਿਸਟਮੈਂਟ,ਕੰਪਨੀਆਂ,ਠੇਕੇਦਾਰਾਂ ਅਤੇ ਸੁਸਾਇਟੀਆਂ ਅਧੀਨ ਕੰਮ ਕਰਦੇ ਮੁਲਾਜ਼ਮ ਮਿਤੀ 15 ਅਤੇ 16 ਨਵੰਬਰ ਨੂੰ ਦੋ ਰੋਜ਼ਾ ਸਮੂਹਿਕ ਛੁੱਟੀ ਤੇ ਜਾਕੇ ਆਪਣੇ-ਆਪਣੇ ਵਿਭਾਗਾਂ ਦੇ ਦਫ਼ਤਰਾਂ ਦੇ ਗੇਟਾਂ ਅੱਗੇ ਸਮੇਤ ਪਰਿਵਾਰਾਂ ਦੇ ਰੈਲੀਆਂ ਕਰਕੇ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਆਪ ਸਰਕਾਰ ਦੀ ਲੋਕ ਅਤੇ ਕਾਮਾ ਵਿਰੋਧੀ ਖਸਲਤ ਨੂੰ ਲੋਕ ਸੱਥਾਂ ਵਿੱਚ ਨੰਗਾ ਕਰਨਗੇ,ਇਸ ਸੰਘਰਸ਼ ਪ੍ਰੋਗਰਾਮ ਦੀ ਸਫਲਤਾ ਲਈ ਸਮੁੱਚੇ ਪੰਜਾਬ ਵਿੱਚ ਵੱਖ-ਵੱਖ ਜਿਲਿਆਂ ਵਿੱਚ ਸਾਂਝੇ ਇਕੱਠ ਕਰਕੇ ਕਨਵੈਨਸ਼ਨਾਂ ਕਰਕੇ ਆਪ ਸਰਕਾਰ ਦੀਆਂ ਧੋਖੇ ਭਰੀਆਂ ਚਾਲਾਂ ਬਾਰੇ ਜਾਗਰੂਕ ਕੀਤਾ ਜਾਵੇਗਾ,ਆਗੂਆਂ ਨੇ ਕਿਹਾ ਕਿ ਇੱਕ ਪਾਸੇ ਆਪ ਸਰਕਾਰ ਧੋਖੇ ਨਾਲ ਗੱਲਬਾਤ ਕਰਨ ਦੇ ਬਹਾਨੇ ਹੇਠ ਲਿਖਤੀ ਮੀਟਿੰਗਾਂ ਦੇਕੇ ਸੰਘਰਸ਼ਾਂ ਨੂੰ ਠੰਡਾ ਕਰਨ ਦੀਆਂ ਕੋਸ਼ਿਸ਼ਾਂ ਕਰਕੇ ਲਗਾਤਾਰ ਮੀਟਿੰਗਾਂ ਕਰਨ ਤੋਂ ਭੱਜ ਰਹੀ ਹੈ ਦੂਸਰੇ ਪਾਸੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਪਿਛਲੇ ਲੰਬੇ ਅਰਸ਼ੇ ਤੋਂ ਲਗਾਤਾਰ ਸੇਵਾਵਾਂ ਦਿੰਦੇ ਆ ਰਹੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਨਜ਼ਰਅੰਦਾਜ਼ ਕਰਕੇ ਪਹਿਲਾਂ ਬਾਹਰੋਂ ਸਿੱਧੀ ਨਵੀਂ ਪੱਕੀ ਭਰਤੀ ਕਰਕੇ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਦਾ ਕੱਚਾ ਰੁਜ਼ਗਾਰ ਵੀ ਖੋਹ ਰਹੀ ਹੈ ਅਤੇ ਨਿੱਜੀਕਰਨ ਦੇ ਹੱਲੇ ਨੂੰ ਤੇਜ਼ ਕਰਕੇ ਬਿਜਲੀ,ਪਾਣੀ,ਸਿਹਤ,ਸਿੱਖਿਆ ਅਤੇ ਟਰਾਂਸਪੋਰਟ ਆਦਿ ਸੇਵਾਵਾਂ ਦੇ ਅਦਾਰਿਆਂ ਨੂੰ ਤਿੱਖੀ ਲੁੱਟ ਕਰਨ ਲਈ ਕਾਰਪੋਰੇਟ ਘਰਾਣਿਆਂ ਅੱਗੇ ਪਰੋਸ ਰਹੀ ਹੈ ਅਤੇ ਪੱਕੇ ਕੰਮ ਲਈ ਪੱਕੇ ਰੁਜ਼ਗਾਰ,ਬਰਾਬਰ ਕੰਮ ਲਈ ਬਰਾਬਰ ਤਨਖਾਹ,ਲੇਬਰ ਐਕਟ 1948 ਮੁਤਾਬਿਕ ਗੁਜ਼ਾਰੇਯੋਗ ਤਨਖ਼ਾਹ ਤਹਿ ਕਰਨ ਤੋਂ ਵੀ ਇਨਕਾਰੀ ਹੈ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਨਕਲੀ ਠੇਕੇਦਾਰ ਬਣਾਕੇ ਉਹਨਾਂ ਦਾ ਰੈਗੂਲਰ ਹੋਣ ਦਾ ਹੱਕ ਖੋਹ ਰਹੀ ਹੈ, ਸਰਕਾਰ ਖੁਦ ਸੇਵਾ ਦੇ ਅਦਾਰਿਆਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਤੋਂ ਭੱਜਕੇ ਠੇਕੇਦਾਰਾਂ ਅਤੇ ਕੰਪਨੀਆਂ ਨਾਲ਼ ਮਿਲਕੇ ਇਹਨਾਂ ਅਦਾਰਿਆਂ ਦੀ ਅੰਨ੍ਹੀ ਲੁੱਟ ਕਰਨ ਵਿੱਚ ਸ਼ਾਮਿਲ ਹੋ ਚੁੱਕੀ ਹੈ,ਵੱਖ-ਵੱਖ ਅਦਾਰਿਆਂ ਵਿੱਚ ਡਿਉਟੀ ਦੌਰਾਨ ਹਾਦਸਿਆਂ ਦੇ ਸ਼ਿਕਾਰ ਹੋਏ ਠੇਕਾ ਮੁਲਾਜ਼ਮਾਂ ਨੂੰ ਪਹਿਲਾਂ ਤੋਂ ਤਹਿ ਸਹੂਲਤਾਂ ਦੇਣ ਦੀ ਥਾਂ ਠੇਕੇਦਾਰਾਂ ਅਤੇ ਕੰਪਨੀਆਂ ਨੂੰ ਠੇਕਾ ਮੁਲਾਜ਼ਮਾਂ ਦੀ ਮਿਹਨਤ ਦੀ ਲੁੱਟ ਕਰਨ ਦੀ ਖੁੱਲ ਦੇ ਰਹੀ ਹੈ,ਇਸ ਹਾਲਤ ਵਿੱਚ ਸੰਘਰਸ਼ ਕਰਨਾ ਠੇਕਾ ਮੁਲਾਜ਼ਮਾਂ ਦੀ ਅਣਸਰਦੀ ਲੋੜ ਬਣ ਗਈ ਹੈ ਜਿਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ!