ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵੱਲੋਂ ਕੀਤੀ ਜਾ ਰਹੀ ਸਹਾਇਕ ਲਾਈਨਮੈਨਾਂ ਦੀ ਭਰਤੀ ਨਹੀਂ ਕਰਨ ਦਿਆਂਗੇ
ਕਰਾਂਗੇ ਤਿੱਖਾ ਸ਼ੰਘਰਸ਼ : ਬਲਿਹਾਰ ਸਿੰਘ
ਮੋਰਿੰਡਾ 21 ਅਕਤੂਬਰ ( ਭਟੋਆ ) ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਉੱਤੇ ਆਊਟ ਸੋਰਸਿੰਗ ਰਾਹੀਂ ਕੰਮ ਕਰਦੇ ਠੇਕਾ ਕਾਮਿਆਂ ਨਾਲ ਹਮੇਸ਼ਾ ਵਿੱਤਕਰਾ ਕਰਨ ਦਾ ਦੋਸ਼ ਲਗਾਇਆ ਹੈ ।
ਇੱਥੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਅਤੇ ਸੂਬਾ ਸਕੱਤਰ ਰਜੇਸ਼ ਕੁਮਾਰ ਨੇ ਦੱਸਿਆ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਨੇ ਹਮੇਸ਼ਾ ਹੀ ਸਾਮਰਾਜੀ ਨੀਤੀਆਂ ਨੂੰ ਹੀ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਠੇਕੇ ਤੇ ਲੱਗੇ ਆਊਟਸੋਰਸਿੰਗ ਸੀ ਐੱਚ ਬੀ ਤੇ ਡਬਲਿਊ ਕਾਮਿਆਂ,ਕੰਪਿਊਟਰ ਅਪਰੇਟਰਾਂ ਤੇ ਸਟੋਰ ਕੀਪਰਾਂ ਦੀ ਠੇਕੇਦਾਰ ਕੰਪਨੀਆਂ ਵੱਲੋਂ ਨਿਗੂਣੀਆਂ ਤਨਖਾਹਾਂ ਦੇਕੇ ਲੁੱਟ ਕੀਤੀ ਜਾ ਰਹੀ ਹੈ । ਆਗੂਆਂ ਨੇ ਕਿਹਾ ਕਿ ਜਿੱਥੇ ਸਰਕਾਰ ਨੇ ਕੈਬਨਿਟ ਦੀ ਮੀਟਿੰਗ ਕਰਕੇ ਮੁਲਾਜ਼ਮਾਂ ਪੱਖੀ ਪੈਨਸ਼ਨ ਬਹਾਲ ਕਰਨ ਦੀ ਸਕੀਮ ਨੂੰ ਲਾਗੂ ਕੀਤਾ ਹੈ, ਉੱਥੇ ਹੀ ਪੈਸਕੋ ਤੇ ਕੰਮ ਕਰਦੇ ਠੇਕਾ ਕਾਮਿਆਂ ਦੀ ਛਾਂਟੀ ਕਰਨ ਦੇ ਵੀ ਪੱਤਰ ਜਾਰੀ ਕੀਤੇ ਹਨ ਅਤੇ ਆਊਟਸੋਰਸਿੰਗ ਇਨਲਿਸਟਮੈਂਟ ਠੇਕੇਦਾਰਾਂ ਕੰਪਨੀਆਂ, ਸੋਸਾਇਟੀਆਂ ਰਾਹੀਂ ਕੰਮ ਕਰਦੇ ਠੇਕਾ ਕਾਮਿਆਂ ਨੂੰ ਪੱਕੇ ਕਰਨ ਬਾਰੇ ਸਰਕਾਰ ਨੇ ਕੋਈ ਵੀ ਫੈਸਲਾ ਨਹੀ ਕੀਤਾ। ਬਿਜਲੀ ਵਿਭਾਗ ਅੰਦਰ ਕੰਮ ਕਰਦੇ ਸੀ ਐੱਚ ਬੀ ਅਤੇ ਡਬਲਿਊ ਠੇਕਾ ਕਾਮਿਆਂ ਨਾਲ ਲਗਾਤਾਰ ਬਿਜਲੀ ਦਾ ਕੰਮ ਕਰਦਿਆਂ ਘਾਤਕ ਤੇ ਗੈਰ ਘਾਤਕ ਹਾਦਸੇ ਵਾਪਰ ਰਹੇ ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਮੁਆਵਜ਼ੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ।
ਸੂਬਾ ਪ੍ਰਧਾਨ ਨੇ ਅੱਗੇ ਕਿਹਾ ਕਿ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀਆਂ ਸ੍ਰੀ ਅਮਨ ਅਰੋੜਾ, ਹਰਭਜਨ ਸਿੰਘ ਈਟੀਓ ਸਮੇਤ ਹੋਰਨਾਂ ਮੰਤਰੀਆਂ ਨੇ ਬਿਜਲੀ ਵਿਭਾਗ ਅੰਦਰ ਮੌਤ ਦੇ ਮੂੰਹ ਚ ਪਏ ਰੈਗੂਲਰ ਕਾਮਿਆਂ ਦੇ ਪਰਿਵਾਰਾਂ ਨੂੰ 2004 ਤੋ 2010 ਤੱਕ ਨੋਕਰੀ ਦੇਣ ਦਾ ਫੈਸਲਾ ਕੀਤਾ ਹੈ ਪਰੰਤੂ ਜੋ ਸੈਕੜੇ ਸੀ ਐਚ ਬੀ ਤੇ ਡਬਲਿਊ ਠੇਕਾ ਕਾਮੇ ਮੌਤ ਦੇ ਮੂੰਹ ਚ ਪੈ ਗਏ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਨਾ ਤਾਂ ਨੌਕਰੀ ਦਾ ਪ੍ਰਬੰਧ ਅਤੇ ਨਾ ਹੀ ਮੁਆਵਜ਼ੇ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਦੀ ਜਥੇਬੰਦੀ ਵੱਲੋਂ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਠੇਕਾ ਕਾਮਿਆਂ ਵਿਰੁੱਧ ਨੀਤੀਆਂ ਸਬੰਧੀ 22 ਅਕਤੂਬਰ ਨੂੰ ਹੋਣ ਵਾਲੀ ਸੂਬਾ ਵਰਕਿੰਗ ਮੀਟਿੰਗ ਵਿੱਚ ਜਥੇਬੰਦੀ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ ਬਾਹਰੋ ਭਰਨ ਤੋਂ ਪਹਿਲਾਂ ਉਨ੍ਹਾਂ ਪੋਸਟਾਂ ਤੇ ਕੰਮ ਕਰਦੇ ਠੇਕਾ ਕਾਮਿਆਂ ਨੂੰ ਰੈਗੂਲਰ ਕਰਵਾਉਣ ਲਈ ਵੀ ਸੰਘਰਸ਼ ਵਿੱਢਿਆ ਜਾਵੇਗਾ ।