5 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਦਿਓ ਕੱਦ ਪੁਤਲੇ ਫੂਕਣ ਦਾ ਐਲਾਨ
7 ਅਕਤੂਬਰ ਨੂੰ ਪਰਿਵਾਰਾਂ ਸਮੇਤ ਧੂਰੀ ਸਟੇਟ ਹਾਈਵੇ ਕੀਤਾ ਜਾਵੇਗਾ ਜਾਮ
ਬਠਿੰਡਾ: 02 ਅਕਤੂਬਰ, ਦੇਸ਼ ਕਲਿੱਕ ਬਿਓਰੋ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਗੁਰਵਿੰਦਰ ਸਿੰਘ ਪੰਨੂੰ, ਬਲਿਹਾਰ ਸਿੰਘ, ਸ਼ੇਰ ਸਿੰਘ ਲੌਂਗੋਵਾਲ, ਰਮਨਪ੍ਰੀਤ ਕੌਰ ਮਾਨ, ਜਸਪ੍ਰੀਤ ਸਿੰਘ ਗਗਨ, ਸਿਮਰਨਜੀਤ ਸਿੰਘ ਨੀਲੋਂ, ਸੁਰਿੰਦਰ ਕੁਮਾਰ, ਪਵਨਦੀਪ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿ ਪੰਜਾਬ ਸਰਕਾਰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਕਰਨ ਦੀ ਬਿਜਾਏ ਠੇਕਾ ਮੁਲਾਜ਼ਮਾਂ ਦੀਆਂ ਵਿਭਾਗਾਂ ਵਿੱਚੋਂ ਛਾਂਟੀਆਂ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਪ੍ਰਬੰਧਕੀ ਨਿਰਦੇਸ਼ਕਾਂ ਵੱਲੋਂ ਜਾਰੀ ਪੱਤਰ ਨੰ: ਪੀ.ਐੱਚ.ਐੱਸ.ਸੀ./2022/ਲੇਖਾ/1147-1172 ਰਾਹੀਂ ਲੰਬੇ ਅਰਸੇ ਤੋਂ ਹੈਲਥ ਕਾਰਪੋਰੇਸ਼ਨ ਵਿੱਚ ਕੰਮ ਕਰਦੇ ਆਊਟਸੋਰਸ਼ਡ ਮੁਲਾਜ਼ਮਾਂ ਦਾ ਧੋਖੇ ਭਰੀਆਂ ਚਾਲਾਂ ਨਾਲ ਰੁਜ਼ਗਾਰ ਖੋਹਣ ਦਾ ਨਾਦਰਸ਼ਾਹੀ ਫੁਰਮਾਨ ਕਰ ਦਿੱਤਾ ਹੈ। ਉਨ੍ਹਾਂ ਇਸ ਹੁਕਮ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਹੁਕਮ ਰੱਦ ਨਾ ਹੋਣ ਦੀ ਸੂਰਤ ਵਿੱਚ ਠੇਕਾ ਮੁਲਾਜ਼ਮ ਪ੍ਰਬੰਧਕੀ ਨਿਰਦੇਸ਼ਕ ਅਤੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਉਨ੍ਹਾਂ ਸਿਹਤ ਵਿਭਾਗ ਦੇ ਪ੍ਰਬੰਧਕੀ ਨਿਰਦੇਸ਼ਕ ਵੱਲੋਂ ਜਾਰੀ ਕੀਤੇ ਗਏ ਇਸ ਪੱਤਰ ਸੰਬੰਧੀ ਟਿੱਪਣੀ ਕਰਦਿਆਂ ਕਿਹਾ ਕਿ ਖਰਚੇ ਦੀ ਰਿਪੋਰਟ ਮੁਤਾਬਿਕ ਯੂਜ਼ਰਚਾਰਜ ਦੇ ਫੰਡ ਵਿੱਚੋਂ ਆਊਟਸੋਰਸ਼ਡ ਮੁਲਾਜ਼ਮ ਫੰਡ ਦੇ ਰੂਪ ਵਿੱਚ 25% ਹਿੱਸਾ ਖਰਚ ਕੀਤਾ ਜਾ ਰਿਹਾ ਹੈ। ਪ੍ਰਬੰਧਕੀ ਨਿਰਦੇਸ਼ਕ ਮੁਤਾਬਕ ਇਹ ਖਰਚੇ ਹੱਦ ਤੋਂ ਵੱਧ ਹਨ ਅਤੇ ਇਸ ਨੂੰ ਆਧਾਰ ਬਣਾਕੇ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਇਹਨਾਂ ਹੁਕਮਾਂ ਦੀ ਤੁਰੰਤ ਪਾਲਣਾ ਕਰਦਿਆਂ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਹਸਪਤਾਲਾਂ ਵਿੱਚ ਆਊਟਸੋਰਸ਼ਡ ਪ੍ਰਣਾਲੀ ਰਾਹੀਂ ਰੱਖੇ ਠੇਕਾ ਮੁਲਾਜ਼ਮਾਂ ਨੂੰ ਜ਼ਰੂਰਤਾਂ ਦੇ ਅਧਾਰ ਤੇ ਰੈਸ਼ਨੇਲਾਈਜ਼ੇਸ਼ਨ ਕਰਨ।
ਊਨ੍ਹਾਂ ਵੱਲੋਂ ਪ੍ਰਬੰਧਕੀ ਨਿਰਦੇਸ਼ਕ ਦੀਆਂ ਇਹਨਾਂ ਹਦਾਇਤਾਂ ਦੇ ਮਕਸਦ ਬਾਰੇ ਕਿਹਾ ਗਿਆ ਕਿ ਇਹ ਹਦਾਇਤਾਂ ਕਾਰਪੋਰੇਟਾਂ ਦੇ ਹਿਤਾਂ ਦੀ ਪੂਰਤੀ ਅਤੇ ਮੁਨਾਫ਼ੇ ਦੀ ਲੋੜ ਵਿੱਚੋਂ ਕੀਤੀਆਂ ਹਨ ਅਤੇ ਇਹਨਾਂ ਹਦਾਇਤਾਂ ਦਾ ਮਕਸਦ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚੋਂ ਵੱਖ-ਵੱਖ ਬਹਾਨਿਆਂ ਰਾਹੀਂ ਲੰਬੇ ਅਰਸੇ ਤੋਂ ਆਊਟਸੋਰਸ਼ਡ ਮੁਲਾਜ਼ਮਾਂ ਦੀ ਛਾਂਟੀ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਆਊਟਸੋਰਸ਼ਡ ਪ੍ਰਣਾਲੀ ਨੂੰ ਤਿੱਖੀ ਲੁੱਟ ਅਤੇ ਮੁਨਾਫ਼ੇ ਦਾ ਆਧਾਰ ਦੱਸਕੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਆਊਟਸੋਰਸ਼ਡ ਮੁਲਾਜਮਾਂ ਨੂੰ ਪੰਜਾਬ ਦੀ ਤਰਜ਼ ਤੇ ਰੈਗੂਲਰ ਰੁਜ਼ਗਾਰ ਦੇਣ ਦੇ ਦੰਭ ਹੇਠ ਧੋਖੇ ਨਾਲ ਸੱਤਾ ਦੀ ਕੁਰਸੀ ਹਥਿਆਉਣ ਦੀਆਂ ਚਾਲਾਂ ਚੱਲ ਰਹੇ ਹਨ,ਦੂਜੇ ਪਾਸੇ ਪੰਜਾਬ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਆਊਟਸੋਰਸ਼ਡ ਮੁਲਾਜਮਾਂ ਦਾ ਕੱਚਾ ਰੁਜ਼ਗਾਰ ਵੀ ਖੋਹਿਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਕਰਨ ਦੀ ਦਰੁਸਤ ਮੰਗ ਨੂੰ ਪ੍ਰਵਾਨ ਕਰਨ ਦੀ ਥਾਂ ਆਊਟਸੋਰਸਿੰਗ ਕੰਪਨੀਆਂ ਨੂੰ ਸਰਕਾਰੀ ਵਿਭਾਗਾਂ ਵਿੱਚ ਲਿਆਉਣ ਦੇ ਰਾਹ ਨੂੰ ਹੋਰ ਮੋਕਲਾ ਕਰ ਰਹੀ ਹੈ।
ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਇਹਨਾਂ ਧੋਖੇ ਭਰੀਆਂ ਚਾਲਾਂ ਦਾ ਜੋਰਦਾਰ ਸ਼ਬਦਾਂ ਵਿੱਚ ਵਿਰੋਧ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚੋਂ ਕਾਰਪੋਰੇਟ ਘਰਾਣਿਆਂ, ਠੇਕੇਦਾਰਾਂ ਅਤੇ ਨਿੱਜੀ ਕੰਪਨੀਆਂ ਨੂੰ ਬਾਹਰ ਕਰਕੇ ਸਰਕਾਰੀ ਵਿਭਾਗਾਂ ਦੀ ਆਰਥਿਕ ਹਾਲਤ ਦਾ ਸੁਧਾਰ ਕੀਤਾ ਜਾਵੇ ਅਤੇ ਸਰਕਾਰੀ ਵਿਭਾਗਾਂ ਵਿੱਚ ਸੇਵਾਵਾਂ ਦੇ ਰਹੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਕੀਤਾ ਜਾਵੇ।
ਉਨ੍ਹਾਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਹਰ ਵਰਗ ਦੇ ਠੇਕਾ ਮੁਲਾਜ਼ਮਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਗਿਆ ਕਿ ਉਹ ਮੁੱਖ ਮੰਤਰੀ ਪੰਜਾਬ ਵੱਲੋੰ ਵੱਖ-ਵੱਖ ਰਾਜਾਂ ਵਿੱਚ ਦਿੱਤੇ ਜਾ ਰਹੇ ਬਿਆਨਾਂ ਵਿੱਚ ਠੇਕਾ ਮੁਲਾਜ਼ਮਾਂ ਪ੍ਰਤੀ ਦਿਖਾਏ ਜਾ ਰਹੇ ਝੂਠੇ ਹੇਜ਼ ਨੂੰ ਰੱਦ ਕਰਕੇ ਆਪਣੇ ਸੰਘਰਸ਼ਾਂ ਤੇ ਟੇਕ ਰੱਖਦੇ ਹੋਏ 05 ਅਕਤੂਬਰ ਨੂੰ ਨੇਕੀ ਅਤੇ ਬਦੀ ਦੇ ਪ੍ਰਤੀਕ ਦੁਸਹਿਰੇ ਵਾਲੇ ਦਿਨ ਸਮੁੱਚੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਦਿਓਕੱਦ ਪੁਤਲੇ ਬਣਾਕੇ ਫੂਕਣ ਅਤੇ 07 ਅਕਤੂਬਰ ਦੇ ਧੂਰੀ ਸਟੇਟ-ਹਾਈਵੇ ਜਾਮ ਕਰਨ ਦੇ ਸੰਘਰਸ਼ ਪ੍ਰੋ.ਵਿੱਚ ਪਰਿਵਾਰਾਂ ਅਤੇ ਬੱਚਿਆਂ ਸਮੇਤ ਕਾਫ਼ਲੇ ਬੰਨਕੇ ਵੱਡੀ ਗਿਣਤੀ ਵਿੱਚ ਪਹੁੰਚਕੇ ਪੰਜਾਬ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕਰਨ!