ਚੰਡੀਗੜ੍ਹ: 1 ਅਕਤੂਬਰ, ਜਸਵੀਰ ਸਿੰਘ ਗੋਸਲ
ਸਕੂਲ ਲੈਕਚਰਾਰ ਯੂਨੀਅਨ ਦੀ ਪੰਜਾਬ ਦੇ ਮੁਲਾਜ਼ਮਾਂ ਦੀਆਂ ਬਕਾਇਆ ਡੀ ਏ ਦੀਆਂ ਕਿਸ਼ਤਾਂ ਅਤੇ ਕੱਟੇ ਗਏ ਭੱਤਿਆਂ ਦੀ ਬਹਾਲੀ ਆਦਿ ਭਖਦੇ ਮਸਲਿਆਂ ਲਈ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਕੋਰ ਕਮੇਟੀ ਦੀ ਮੀਟਿੰਗ ਹੋਈ । ਮੀਟਿੰਗ ਦੇ ਫੈਸਲਿਆਂ ਦੇ ਸਬੰਧ ਵਿਚ ਸ੍ਰੀ ਸੰਜੀਵ ਕੁਮਾਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਜੁਲਾਈ 2022 ਦੀ ਕਿਸ਼ਤ ਜਾਰੀ ਕੀਤੀ ਗਈ ਹੈ ਜਿਸ ਨਾਲ ਉਨ੍ਹਾਂ ਦੇ ਡੀ. ਏ. ਵਿੱਚ 4 ਪ੍ਰਸੈਂਟ ਵਾਧਾ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਡੀ ਏ 38 ਫੀਸਦੀ ਹੋ ਗਿਆ ਹੈ। ਜਦੋਂ ਕਿ ਪੰਜਾਬ ਸਰਕਾਰ ਵੱਲੋਂ 2016 ਦਾ ਪੇ ਕਮਿਸ਼ਨ ਜਾਰੀ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ 28 ਫੀਸਦੀ ਡੀ ਏ ਦਿੱਤਾ ਜਾ ਰਿਹਾ ਹੈ ।ਪੰਜਾਬ ਸਰਕਾਰ ਵੱਲੋਂ ਅਜੇ ਤੱਕ ਜੁਲਾਈ 2021 ਅਤੇ ਜਨਵਰੀ 2022 ਦੀ ਡੀ ਏ ਦੀ ਕਿਸ਼ਤ ਜਾਰੀ ਨਹੀਂ ਕੀਤੀ ਗਈ ਹੁਣ ਜੁਲਾਈ 2022 ਦੀ ਕਿਸ਼ਤ ਨੂੰ ਮਿਲਾ ਕੇ ਕੁੱਲ ਤਿੰਨ ਕਿਸ਼ਤਾਂ ਪੈਂਡਿੰਗ ਹੋ ਗਈਆਂ ਹਨ। ਜਿਸ ਨਾਲ ਕੇਂਦਰ ਸਰਕਾਰ ਦੀ ਤੁਲਨਾ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਡੀਏ ਦਾ ਪਾੜਾ 10 ਫੀਸਦੀ ਤੱਕ ਪਹੁੰਚ ਗਿਆ ਹੈ । ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਭੱਤੇ, ਬਾਰਡਰ ਏਰੀਆ ਭੱਤੇ ਸਮੇਤ ਬਹੁਤ ਸਾਰੇ ਭੱਤਿਆਂ ਉੱਤੇ ਕੱਟ ਲਗਾ ਚੁੱਕੀ ਹੈ । ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਡੀ ਏ ਦੀਆਂ ਕਿਸ਼ਤਾਂ ਦੀ ਤਰ੍ਹਾਂ ਪੰਜਾਬ ਸਰਕਾਰ ਤੋਂ ਆਸ ਕਰਦਿਆਂ ਕਿਹਾ ਕਿ ਸਮੂਹ ਕਰਮਚਾਰੀਆਂ ਨੂੰ ਆਸ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਦੀਵਾਲੀ ਦਾ ਤੋਹਫ਼ਾ ਡੀ ਏ ਵਜੋਂ ਜ਼ਰੂਰ ਦੇਵੇਗੀ । ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਸ੍ਰੀ ਰਣਬੀਰ ਸਿੰਘ ਸੋਹਲ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਡੀ ਏ ਦੀਆਂ ਕਿਸ਼ਤਾਂ ਸਮੇਤ ਕੱਟੇ ਗਏ ਭੱਤੇ ਤੁਰੰਤ ਲਾਗੂ ਕੀਤੇ ਜਾਣ ।ਇਸ ਮੀਟਿੰਗ ਵਿੱਚ ਸ੍ਰੀ ਅਮਨ ਸ਼ਰਮਾ ਸਰਦਾਰ ਬਲਰਾਜ ਸਿੰਘ ਸਰਦਾਰ ਗੁਰਪ੍ਰੀਤ ਸਿੰਘ ਸਰਦਾਰ ਹਰਜੀਤ ਸਿੰਘ ਬਲਾੜ੍ਹੀ ਸਰਦਾਰ ਅਵਤਾਰ ਸਿੰਘ ਸਰਦਾਰ ਰਵਿੰਦਰਪਾਲ ਸਿੰਘ ਅਤੇ ਹੋਰ ਮੌਜੂਦ ਸਨ ।