-ਲੁੱਟ, ਜਬਰ ਦੇ ਵਿਰੋਧ ’ਚ ਭਗਤ ਸਿੰਘ ਵਲੋਂ ਸ਼ੁਰੂ ਕੀਤੀ ਜੰਗ ਨੂੰ ਭਵਿੱਖ ’ਚ ਜਾਰੀ ਰੱਖ ਕੇ ਹੀ ਮਹਾਨ ਕ੍ਰਾਂਤੀਕਾਰੀ ਦੀ ਵਿਚਾਰਧਾਰਾ ਵਾਲਾ ਦੇਸ਼ ਸਿਰਜਿਆਂ ਜਾ ਸਕਦਾ ਹੈ - ਵਰਿੰਦਰ ਮੋਮੀ
ਪਾਤੜ੍ਹਾਂ, 28 ਸਤੰਬਰ, ਦੇਸ਼ ਕਲਿੱਕ ਬਿਓਰੋ-
ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸਮੂਹ ਵਰਕਰਾਂ ਅਤੇ ਲੀਡਰਸ਼ਿਪ ਵਲੋਂ ਬ੍ਰਾਂਚ ਪੱਧਰੀ ਪ੍ਰੋਗਰਾਮ, ਸਾਰੇ ਪੰਜਾਬ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੇਸ਼ ਨੂੰ ਅੰਗਰੇਜਾਂ ਦੀ ਹਕੂਮਤ ਤੋਂ ਅਜਾਦ ਕਰਵਾਉਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਜੀ ਦਾ 115ਵਾਂ ਜਨਮ ਦਿਹੜਾ ਧੂਮਧਾਮ ਨਾਲ ਮਨਾਇਆ ਗਿਆ ਅਤੇ ਸ਼ਹੀਦੋ ਤੁਹਾਡੀ ਸੋਚ ਦੇ ਪਹਿਰਾਂ ਦੇਵਾਂਗੇ ਠੋਕ ਕੇ, ਇਨਕਲਾਬ ਜਿੰਦਾਬਾਦ, ਸਾਮਰਾਜ ਮੁਰਦਾਬਾਦ ਆਦਿ ਉਚੀ-ਉਚੀ ਅਵਾਜ ਵਿਚ ਨਾਅਰੇ ਲਗਾ ਕੇ ਭਗਤ ਸਿੰਘ ਜੀ ਦੀ ਵਿਚਾਰਧਾਰਾ ਵਾਲਾ ਦੇਸ਼ ਸਿਰਜਣ ਅਤੇ ਉਨ੍ਹਾਂ ਦੇ ਅਧੂਰੇ ਸੁਪਨਿਆਂ ਨੂੰ ਸਕਾਰ ਕਰਨ ਦਾ ਪ੍ਰਣ ਲਿਆ ਗਿਆ।
ਇਸ ਮੌਕੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ, ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ,ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਕੁਤਬੇਵਾਲ, ਹਾਕਮ ਸਿੰਘ ਧਨੇਠਾ, ਖਜਾਨਚੀ ਰੁਪਿੰਦਰ ਸਿੰਘ, ਬਲਜੀਤ ਸਿੰਘ ਭੱਟੀ, ਜਗਰੂਪ ਸਿੰਘ, ਪ੍ਰਦੂਮਣ ਸਿੰਘ, ਤੇਜਿੰਦਰ ਸਿੰਘ ਮਾਨ, ਸੁਰੇਸ਼ ਕੁਮਾਰ, ਸੰਦੀਪ ਖਾਨ, ਉਮਕਾਰ ਸਿੰਘ, ਜਸਬੀਰ ਸਿੰਘ ਜਿੰਦਬੜੀ,ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ ਬਾਠ ਨੇ ਕਿਹਾ ਕਿ ਭਗਤ ਸਿੰਘ ਕੋਈ ਵਿਅਕਤੀ ਨਹੀਂ ਸੀ, ਬਲਕਿ ਇਹ ਇਕ ਵਿਚਾਰਧਾਰਾ ਸੀ, ਜਿਸਨੇ ਸਾਮਰਾਜੀਆਂ ਦੀ ਲੁੱਟ,ਜਬਰ ਅਤੇ ਬੇਇਨਸਾਫੀ ਦੇ ਵਿਰੋਧ ’ਚ ਕਿਰਤ ਕਰਨ ਵਾਲੇ ਲੋਕਾਂ ਦੇ ਪੱਖ ’ਚ ਇਕ ਜੰਗ ਦਾ ਐਲਾਨ ਕੀਤਾ ਸੀ, ਉਹ ਜੰਗ ਭਗਤ ਸਿੰਘ ਦੀ ਕੁਰਬਾਨੀ ਤੋਂ ਬਾਅਦ ਅੱਜ ਵੀ ਜਾਰੀ ਹੈ। ਅੱਜ ਇਕੱਲੀ ਬਰਤਾਨਵੀ ਹਕੂਮਤ ਹੀ ਨਹੀਂ ਹੈ, ਜੋਕਿ ਸੰਸਾਰ ਦੇ ਵੱਖਰੇ-ਵੱਖਰੇ ਦੇਸ਼ਾਂ ਦੇ ਕਾਰਪੋਰੇਟ ਘਰਾਣੇ, ਹਿੰਦੁਸਾਤਨ ਦੇ ਲੋਕਾਂ ਦੀ ਕਿਰਤ ਨੂੰ ਚੁੰਡਣ ਵਾਸਤੇ ਲਗਾਤਾਰ ਯਤਨਸ਼ੀਲ ਹਨ ਅਤੇ ਹਿੰਦੁਸਤਾਨ ਦੀਆਂ ਸਰਕਾਰਾਂ ਉਨ੍ਹਾਂ ਅੱਗੇ ਗੋਡੇ ਟੇਕ ਕੇ ਉਨ੍ਹਾਂ ਨੂੰ ਇਕ ਵਪਾਰ ਮੁਹੱਈਆ ਕਰਵਾ ਰਹੀਆਂ ਹਨ। ਉਸੇ ਮੁਤਾਬਿਕ ਇਨਲਿਸਟਮੈਂਟ/ਆਊਟਸੋਰਸ ਪ੍ਰਣਾਲੀ ਲਾਗੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 1947 ਤੋਂ ਬਾਅਦ ਸੇਵਾ ਦੇ ਅਦਾਰਿਆਂ ਦੀ ਸਥਾਪਨਾ ਕੀਤੀ ਗਈ ਸੀ, ਅਤੇ ਇਨ੍ਹਾਂ ਅੰਦਰ ਕੰਪਨੀਆਂ,ਕਾਰਪੋਰੇਟ ਘਰਾਣਿਆ ਨੂੰ ਲੁੱਟ ਕਰਨ ਅਤੇ ਮੁਨਾਫਾ ਕਮਾਉਣ ’ਤੇ ਮਨਾਹੀ ਦੇ ਹੁਕਮ ਸੀ, ਪਰ ਹੁਣ ਇਨ੍ਹਾਂ ਸੇਵਾ ਦੇ ਅਦਾਰਿਆਂ ’ਚ ਇੰਨਲਿਸਟਮੈਂਟ/ਆਊਟਸੋਰਸ ਲੇਬਰ ਪ੍ਰਣਾਲੀ ਲਾਗੂ ਕਰਕੇ ਇਨ੍ਹਾਂ ਕਾਰਪੋਰੇਟ ਘਰਾਣਿਆਂ, ਕੰਪਨੀਆਂ ਨੂੰ ਅੰਦਰ ਦਾਖਲ ਹੋ ਕੇ ਲੁੱਟ ਕਰਨ ਅਤੇ ਮੁਨਾਫਾ ਕਮਾਉਣ ਲਈ ਖੁੱਲ੍ਹਾ ਲਾਇਸੰਸ ਦੇ ਦਿੱਤਾ ਗਿਆ ਹੈ। ਉਸੇ ਮੁਤਾਬਿਕ ਹੀ ਸਰਕਾਰਾਂ ਸਿੱਧੇ ਤੌਰ ’ਤੇ ਜੀ.ਐਸ.ਟੀ. ਦੇ ਰੂਪ ’ਚ 18 ਪ੍ਰਤੀਸ਼ਤ ਅੰਨ੍ਹੇਵਾਹ ਲੁੱਟ ਰਹੀਆਂ ਹਨ। 16 ਪ੍ਰਤੀਸ਼ਤ ਠੇਕੇਦਾਰਾਂ ਨੂੰ ਦਿੱਤਾ ਜਾ ਰਿਹਾ ਹੈ। 8 ਪ੍ਰਤੀਸ਼ਤ ਸਰਵਿਸ ਟੈਕਸ ਦੇ ਰੂਪ ਵਿਚ ਕੱਟਿਆ ਜਾ ਰਿਹਾ ਹੈ। ਇਹ ਲੁੱਟ ਨੰਗੇ ਚਿੱਟੇ ਐਗਰੀਮੈਂਟਾਂ ’ਚ ਵੀ ਸ਼ਾਮਲ ਹੈ।
ਸੇਵਾ ਦੇ ਅਦਾਰਿਆਂ ਵਿਚੋਂ ਲੋਕਾਂ ਨੂੰ ਪੀਣ ਵਾਲੇ ਪਾਣੀ, ਬਿਜਲੀ, ਵਿੱਦਿਆ, ਸਿਹਤ, ਬਿਜਲੀ ਆਦਿ ਸਹੂਲਤ ਮਿਲਦੀਆਂ ਸਨ, ਜਿਸ ਤਹਿਤ ਰਾਸ਼ਨ ਵੰਡ ਪ੍ਰਣਾਲੀ ਦੇ ਰੂਪ ਵਿਚ ਸਸਤਾ ਮਿਲਦਾ ਸੀ, ਇਹ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ ਅਤੇ ਲੁੱਟ ਕਰਨ ਵਾਲੇ ਲੁਟੇਰਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਸਰਕਾਰੀ ਵਿਭਾਗਾਂ ਵਿਚ ਕਿਰਤ ਕਰਨ ਵਾਲੇ ਕਾਮਿਆਂ ਕੋਲ ਕੰਮ ਭਾਵੇ ਪੱਕਾ ਹੈ, ਪਰ ਰੁਜਗਾਰ ਕੱਚਾ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਧੱਕੇ ਨਾਲ ਇੰਨਲਿਸਟਮੈਂਟ ਕਰਾਰ ਦੇ ਕੇ ਠੇਕੇਦਾਰ ਬਣਾ ਦਿੱਤਾ ਗਿਆ ਹੈ ਅਤੇ ਭਵਿੱਖ ’ਚ ਵੀ ਇਸ ਹਮਲੇ ਨੂੰ ਜਾਰੀ ਰੱਖਿਆ ਹੋਇਆ ਹੈ। ਇਨ੍ਹਾਂ ਕਾਮਿਆਂ ਨੂੰ ਮਿਨੀਮਮ ਵੇਜ 1948 ਐਕਟ ਮੁਤਾਬਿਕ ਤਨਖਾਹ ਦੇਣ ਦਾ ਕਾਨੂੰਨ ਹੈ ਪਰ ਠੇਕੇਦਾਰ ਤੇ ਕੰਪਨੀਆਂ ਵਲੋਂ 42 ਪ੍ਰਤੀਸ਼ਤ ਲੁੱਟ ਨੰਗੇ ਚਿੱਟੇ ਰੂਪ ਵਿਚ ਕੀਤੀ ਜਾ ਰਹੀ ਹੈ ਅਤੇ ਸਰਕਾਰਾਂ ਮੁਕਦਰਸ਼ਕ ਬਣੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਚੱਲ ਰਹੇ ਸੰਘਰਸ਼ ਦੀ ਜਿੱਤ ਹੈ ਕਿਉਕਿ ਜਿਹੜੀ ਸਰਕਾਰ ਗੱਲ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਸੀ, ਉਹ ਗੱਲ ਅੱਜ ਮੁੱਖ ਮੰਤਰੀ ਪੰਜਾਬ ਨੂੰ ਵਿਧਾਨ ਸਭਾ ਵਿਚ ਕਹਿਣੀ ਪਈ ਹੈ ਕਿ ਠੇਕੇਦਾਰ ਅਤੇ ਕੰਪਨੀਆਂ ਲੁੱਟ ਰਹੀਆਂ ਹਨ। ਇਸ ਕਰਕੇ ਤਮਾਮ ਲੋਕਾਂ ਦੀ ਮੰਗ ਹੋਣੀ ਚਾਹੀਦੀ ਹੈ ਕਿ ਸਰਕਾਰੀ ਅਦਾਰਿਆਂ ਵਿਚੋਂ ਆਊਟਸੋਰਸ ਕੰਪਨੀਆਂ, ਠੇਕੇਦਾਰਾਂ ਨੂੰ ਬਾਹਰ ਕੀਤਾ ਜਾਵੇ ਅਤੇ ਇੰਨਲਿਸਟਮੈਂਟ/ਆਊਟਸੋਰਸ ਮੁਲਾਜਮਾਂ ਨੂੰ ਸਬੰਧਤ ਵਿਭਾਗਾਂ ’ਚ ਲੈ ਕੇ ਰੈਗੂਲਰ ਕੀਤਾ ਜਾਵੇ।
ਇਸ ਲੁੱਟ, ਜਬਰ ਦੇ ਵਿਰੋਧ ਵਿਚ ਮਹਾਨ ਕ੍ਰਾਂਤੀਕਾਰ ਭਗਤ ਸਿੰਘ ਨੇ ਜੰਗ ਸ਼ੁਰੂ ਕੀਤੀ ਗਈ ਸੀ, ਉਸ ਜੰਗ ਦਾ ਇਕ ਹਿੱਸਾ ਹੈ, ਉਸਨੂੰ ਠੇਕਾ ਮੁਲਾਜਮਾਂ ਨੂੰ ਪੂਰੇ ਜੋਰ ਸ਼ੋਰ ਨਾਲ ਲਾਗੂ ਕਰਕੇ ਭਗਤ ਸਿੰਘ ਜੀ ਦੀ ਵਿਚਾਰਧਾਰਾਂ ਵਾਲਾ ਦੇਸ਼ ਸਿਰਜਣ ਦੀ ਲੋੜ ਹੈ।