ਆਦਰਸ਼ ਸਕੂਲ ਦੇ ਅਧਿਆਪਕ ਯੂਨੀਅਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਰੋਸ਼ ਰੈਲੀ ਕਰਨ ਦਾ ਐਲਾਨ
ਕਈ ਵਾਰ ਪੈਨਲ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਪਰਨਾਲਾ ਉੱਥੇ ਦਾ ਉੱਥੇ: ਮੱਖਣ ਸਿੰਘ ਬੀਰ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 27 ਸਤੰਬਰ, 2022: ਪਿਛਲੇ ਲੰਮੇ ਸਮੇਂ ਤੋਂ ਆਪਣੇ ਹੱਕੀ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਕਰ ਰਹੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਸੰਗਰੂੂਰ ਵਿਖੇ ਰੋਸ਼ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਦਰਸ਼ ਸਕੂਲ ਅਧਿਆਪਕ ਯੂਨੀਅਨ (ਪੀਪੀਪੀ ਤਰਜ਼) ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ, ਮੀਤ ਪ੍ਰਧਾਨ ਸਲੀਮ ਮੁਹੰਮਦ, ਸਹਾਇਕ ਸਕੱਤਰ ਅਮਨਦੀਪ ਸ਼ਾਸਤਰੀ ਅਤੇ ਸੰਜੀਵ ਕੁਮਾਰ ਨੇ ਮੀਡੀਆ ਨੂੰ ਦੱਸਿਆ ਹੈ ਕਿ ਜਥੇਬੰਦੀ ਦੀਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਿੱਖਿਆ ਵਿਭਾਗ ਨਾਲ ਕਈ ਵਾਰ ਪੈੱਨਲ ਮੀਟਿੰਗਾਂ ਹੋ ਚੁੱਕੀਆਂ ਹਨ ਪਰੰਤੂ ਹਾਲੇ ਤੱਕ ਆਦਰਸ਼ ਸਕੂਲਾਂ ਦੇ ਅਧਿਆਪਕਾਂ ਅਤੇ ਦਰਜ਼ਾ ਚਾਰ ਮੁਲਾਜ਼ਮਾਂ ਦੀਆਂ ਨੌਕਰੀਆਂ ਪੱਕੀਆਂ ਨਹੀਂ ਹੋਈਆਂ ਹਨ ਅਤੇ ਨਾ ਹੀ ਸਰਕਾਰੀ ਖ਼ਜ਼ਾਨੇ ਵਿੱਚੋਂ ਸਿੱਧੀਆਂ ਤਨਖਾਹਾਂ ਜਾਰੀ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਬਹੁਤ ਲੰਬਾ ਸਮਾਂ ਕੱਚੀਆਂ ਨੌਕਰੀਆਂ ਕਰਦਿਆਂ ਬੀਤ ਚੁੱਕਿਆ ਹੈ।
ਆਗੂਆਂ ਨੇ ਕਿਹਾ ਹੈ ਕਿ ਇਸੇ ਕਰਕੇ ਮਜਬੂਰੀ ਵੱਸ ਉਨ੍ਹਾਂ ਵੱਲੋਂ 8 ਅਕਤੂਬਰ, ਸ਼ਨੀਵਾਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਜ਼ਬਰਦਸਤ ਰੋਸ ਰੈਲੀ ਕਰਨ ਦਾ ਫ਼ੈਸਲਾ ਲੈਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਰੋਸ ਰੈਲੀ 'ਚ ਸਮੁੱਚੇ ਸੂਬੇ ਦੇ ਆਦਰਸ਼ ਸਕੂਲਾਂ ਦੇ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕਰਨਗੇ।
ਸਹਾਇਕ ਸਕੱਤਰ ਦੀਪਕ ਸਿੰਗਲਾ, ਮੀਤ ਪ੍ਰਧਾਨ ਜਸਵੀਰ ਗਲੋਟੀ, ਸੀਨੀਅਰ ਮੀਤ ਪ੍ਰਧਾਨ ਕੁਲਵੀਰ ਸਿੰਘ ਜਖੇਪਲ ਅਤੇ ਪ੍ਰਚਾਰਕ ਸਕੱਤਰ ਅਮਿੱਤ ਮਹਿਤਾ ਨੇ ਕਿਹਾ ਹੈ ਕਿ ਹਕੂਮਤ ਆਦਰਸ਼ ਸਕੂਲਾਂ ਵਿੱਚ ਪੜ੍ਹਾਉਣ ਦੇ ਤਜ਼ਰਬੇ ਨੂੰ ਮੰਨਕੇ 2019 ਵਿੱਚ ਹੋਈ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰਾਂ ਦੀ ਸਿੱਧੀ ਭਰਤੀ ਵਿੱਚ ਕੌਸਲਿੰਗ ਕਰਵਾ ਚੁੱਕੇ ਅਧਿਆਪਕਾਂ ਨੂੰ ਤੁਰੰਤ ਨਿਯੁਕਤੀ ਪੱਤਰ ਵੀ ਜਾਰੀ ਨਹੀਂ ਕੀਤੇ ਗਏ ਹਨ। ਜਦਕਿ ਤੁਰੰਤ ਕਰਨੇ ਬਣਦੇ ਹਨ। ਉਨ੍ਹਾਂ ਕਿਹਾ ਕਿ ਆਦਰਸ਼ ਸਕੂਲ ਕਾਲੇਕੇ (ਬਰਨਾਲਾ) ਸਮੇਤ ਵੱਖ ਵੱਖ ਸਮਿਆਂ ਤੇ ਠੇਕੇਦਾਰਾਂ ਵੱਲੋਂ ਨੌਕਰੀਓਂ ਕੱਢੇ ਅਧਿਆਪਕਾਂ ਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਬਜਾਏ ਅੱਖੋਂ ਓਹਲੇ ਕਰ ਰਹੇ ਹਨ ਜੋ ਕਿ ਤੁਰੰਤ ਬਹਾਲ ਕਰਨੇ ਬਣਦੇ ਹਨ।
ਸੂਬਾ ਕਮੇਟੀ ਮੈਂਬਰ ਸੁਖਦੀਪ ਕੌਰ ਸਰਾਂ, ਪਰਵਿੰਦਰ ਕੌਰ ਮਾਨਸਾ, ਵੀਰਪਾਲ ਕੌਰ ਮਾਨਸਾ, ਸਰਬਜੀਤ ਕੌਰ ਗਰੇਵਾਲ, ਮੈਡਮ ਮੀਨੂੰ, ਮੈਡਮ ਬੰਦਨਾ ਨੇ ਸਰਕਾਰ ਤੇ ਗੁੱਸਾ ਅਤੇ ਨਿਰਾਸ਼ਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਲੋਕ ਹਿਤੈਸ਼ੀ ਸਰਕਾਰ ਹੋਣ ਦੇ ਦਮਗਜ਼ੇ ਮਾਰਨ ਵਾਲੀ ਸਥਾਪਤੀ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਇਸੇ ਕਰਕੇ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਨੂੰ ਸੰਘਰਸ਼ੀ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਬੰਦ ਕੀਤੇ ਦੋ ਆਦਰਸ਼ ਸਕੂਲ ਚਾਲੂ ਕਰਕੇ ਇੰਨ੍ਹਾਂ ਦੇ ਮੁਲਾਜ਼ਮਾਂ ਨੂੰ ਨੌਕਰੀ ਵਿੱਚ ਲਿਆਉਣ ਦੀ ਮੰਗ ਕੀਤੀ ਹੈ।
ਸੂਬਾਈ ਆਗੂਆਂ ਹਰਵਿੰਦਰ ਸਿੰਘ ਨਿੰਮਾ, ਜਗਤਾਰ ਸਿੰਘ ਗੰਢੂਆਂ, ਰਛਪਾਲ ਸਿੰਘ, ਗੁਰਚਰਨ ਸਿੰਘ, ਗੁਰਜੀਤ ਸਿੰਘ ਭੁਪਾਲ, ਬਲਵਿੰਦਰ ਸਿੰਘ ਨੇ ਆਖਿਆ ਕਿ ਜੇਕਰ ਸਰਕਾਰ ਨੇ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਹੋਰ ਲਟਕਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।