ਇੰਨਲਿਸਟਮੈਂਟ/ਆਊਟਸੋਰਸ ਵਰਕਰਾਂ ਦੇ ਤਜਰਬੇ ਨੂੰ ਖਤਮ ਕਰਨ ਵਾਲੀਆਂ ਕਮੇਟੀ ਦੀਆਂ ਸਿਰਫਾਰਸ਼ਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ - ਵਰਿੰਦਰ ਮੋਮੀ
ਲੁਧਿਆਣਾ: 23 ਸਤੰਬਰ, ਦੇਸ਼ ਕਲਿੱਕ ਬਿਓਰੋ -
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਈਸੜੂ ਭਵਨ ਲੁਧਿਆਣਾ ਵਿਖੇ ਹੋਈ। ਜਿਸ ਵਿਚ ਪੰਜਾਬ ਭਰ ਤੋਂ ਯੂਨੀਅਨ ਦੇ ਸੂਬਾ ਆਗੂ, ਜਿਲ੍ਹਾ ਅਤੇ ਬ੍ਰਾਂਚ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਜਸਸ ਵਿਭਾਗ ’ਚ ਫੀਲਡ ਅਤੇ ਦਫਤਰਾਂ ਵਿਚ ਕੰਮ ਕਰਦੇ ਇੰਨਲਿਸਟਮੈਂਟ/ਆਊਟਸੋਰਸ ਕਾਮਿਆਂ ਦੀਆਂ ਹੱਕੀ ਤੇ ਜਾਇਜ ਮੰਗਾਂ ’ਤੇ ਵਿਚਾਰ ਚਰਚਾ ਕਰਨ ਉਪਰੰਤ ਭਵਿੱਖ ਵਿਚ ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਕਰਨ ਦਾ ਐਲਾਨ ਵੀ ਕੀਤਾ ਗਿਆ।
ਇਸ ਸਬੰਧੀ ਅੱਜ ਇਥੇ ਪੱਤਰਕਾਰਾਂ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਅਤੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਨਲਿਸਟਮੈਂਟ/ਆਊਟਸੋਰਸ ਕਾਮਿਆਂ ਦੀਆਂ ਤਨਖਾਹਾਂ ਵਿਚ ਇਕਸਾਰਸਤਾ ਲਿਆਉਣ ਦੇ ਨਾਂਅ ਹੇਠ ਵਿਭਾਗੀ ਅਧਿਕਾਰੀਆਂ ਦੀ ਕਮੇਟੀ ਵਲੋਂ ਤਿਆਰ ਕੀਤੀ ਗਈ ਰਿਪੋਰਟ ਮੁੱਖ ਇੰਜੀਨੀਅਰ (ਉਤਰ) ਪੰਜਾਬ, ਜਸਸ ਵਿਭਾਗ ਪਟਿਆਲਾ। (ਕਾਰਜ ਸ਼ਾਖਾ- ਉਤਰ) ਦੇ ਮੀਮੋ ਨੰ.ਜਸਸ/ਕਿਊ(2)/2022/128 ਮਿਤੀ 16-09-2022 ਜਾਰੀ ਕੀਤੀ ਗਈ ਹੈ। ਜੋਕਿ
ਪੰਜਾਬ ਸਰਕਾਰ ਦੇ ਜਸਸ ਵਿਭਾਗ ’ਚ ਪੀਣ ਵਾਲੇ ਪਾਣੀ ਦੀ ਜਰੂਰੀ ਸੇਵਾਵਾਂ ’ਤੇ ਤੈਨਾਤ ਇੰਨਲਿਸਟਮੈਂਟ ਵਰਕਰ ਵਿਰੋਧੀ ਹੈ ਕਿਉਕਿ ਪਿਛਲੇ 10-15 ਸਾਲਾਂ ਦੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਵਰਕਰਾਂ ਨੇ ਆਪਣੀ ਜਵਾਨੀ ਇਸ ਸੇਵਾ ਦੇ ਕੰਮ ਤੇ ਲਗਾ ਲਈ ਹੈ ਅਤੇ ਆਪਣੇ ਤਜਰਬੇ ਦੇ ਅਧਾਰ ਤੇ ਆਪਣਾ ਰੁਜਗਾਰ ਪੱਕਾ ਕਰਵਾਉਣ ਦੀ ਮੰਗ ਕਰ ਰਹੇ ਹਨ, ਪਰ ਮਹਿਕਮੇ ਦੇ ਅਧਿਕਾਰੀਆਂ ਵਲੋਂ ਤਨਖਾਹਾਂ ਵਿਚ ਇਕਸਾਰਤਾ ਲਿਆ ਕੇ ਵਰਕਰਾਂ ਦੇ ਤਜਰਬੇ ਨੂੰ ਖਤਮ ਕੀਤਾ ਜਾ ਰਿਹਾ ਹੈ ਉਥੇ ਹੀ ਬੇਰੁਜਗਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੱਥੇਬੰਦੀ ਵਲੋਂ ਕਮੇਟੀ ਦੀ ਉਕਤ ਰਿਪੋਰਟ ਨੂੰ ਤੁਰੰਤ ਰੱਦ ਕਰਨ ਅਤੇ ਵਰਕਰਾਂ ਦੀਆਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਵਾਉਣ ਦੀ ਮੰਗ ਲਈ ਮਿਤੀ 27 ਸਤੰਬਰ 2022 ਨੂੰ ਸਬ ਡਵੀਜਨ ਪੱਧਰ ਤੇ ਵਿਸ਼ਾਲ ਇਕੱਠ ਕਰਕੇ, ਕਮੇਟੀ ਵਲੋਂ ਤਨਖਾਹਾਂ ’ਚ ਇਕਸਾਰਤਾ ਕਰਨ ਦੀ ਸਿਫਾਰਸ਼ ਵਾਲੀ ਰਿਪੋਰਟ ਦੀਆਂ ਕਾਪੀਆਂ ਫੂਕੀ ਜਾਣਗੀਆਂ। ਇਸਦੇ ਬਾਅਦ 28 ਸਤੰਬਰ ਨੂੰ ਸ਼ਹੀਦ-ਏ-ਆਜਮ ਭਗਤ ਸਿੰਘ ਦਾ ਜਨਮ ਦਿਨ ਮਨਾ ਕੇ ਉਨ੍ਹਾਂ ਦੇ ਦਰਸਾਏ ਵਿਚਾਰਾਂ ਤੇ ਚੱਲਣ ਦਾ ਅਹਿਦ ਕੀਤਾ ਜਾਵੇਗਾ। ਮਿਤੀ 29 ਅਤੇ 30 ਸਤੰਬਰ 2022 ਨੂੰ ਦੋ ਰੋਜਾ ਸਾਰੇ ਪੰਜਾਬ ’ਚ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦਫਤਰਾਂ ਅੱਗੇ ਦਿਨ-ਰਾਤ ਦੇ ਡਵੀਜਨ ਪੱਧਰੀ ਧਰਨੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਦਿੱਤੇ ਜਾਣਗੇ।
ਇਸ ਸੰਘਰਸ਼ ਪ੍ਰੋਗਰਾਮ ਦੇ ਦੌਰਾਨ ਮੰਗ ਕੀਤੀ ਜਾਵੇਗੀ ਕਿ ਵਿਭਾਗੀ ਮੁੱਖੀ, ਜਸਸ ਵਿਭਾਗ ਮੋਹਾਲੀ ਦੇ ਆਦੇਸ਼ਾਂ ਤਹਿਤ ਮਿਤੀ 16-09-2022 ਨੂੰ ਵਿਭਾਗੀ ਅਧਿਕਾਰੀਆਂ ਦੀ ਕਮੇਟੀ ਵਲੋਂ ਇੰਨਲਿਸਟਮੈਂਟ ਵਰਕਰਾਂ ਦੀਆਂ ਤਨਖਾਹਾਂ ਵਿਚ ਇਕਸਾਰਤਾ ਲਿਆਉਣ ਲਈ ਜਾਰੀ ਰਿਪੋਰਟ ਨੂੰ ਤੁਰੰਤ ਰੱਦ ਕੀਤਾ ਜਾਵੇ। ਜਸਸ ਵਿਭਾਗ ਵਲੋਂ ਵਿਭਾਗੀ ਅਧਿਕਾਰੀਆਂ ਦੀ ਵਿਊਤਬੰਦੀ ਅਨੁਸਾਰ ਪੱਤਰ ਨੰਬਰ - ਸਟੈਨੋ/2022/38 ਮਿਤੀ 17--03-2022 ਅਤੇ ਸੈਟਨੋ/2022/49 ਮਿਤੀ 22-03-2022 ਨੂੰ ਵਰਕਰਾਂ ਦੀਆਂ ਤਨਖਾਹਾਂ ਸਬੰਧੀ ਜਾਰੀ ਪ੍ਰੋਸੀਡਿੰਗ ਅਨੁਸਾਰ ਤਜਰਬੇ ਦੇ ਅਧਾਰ ਤੇ ਪਹਿਲਾਂ ਮਿਲ ਰਹੀਆਂ ਤਨਖਾਹਾਂ (0-5 ਸਾਲ,5-10 ਸਾਲ ਅਤੇ 10 ਸਾਲ ਤੋਂ ਵੱਧ) ਅਧੀਨ ਤਿੰਨ ਕੈਟਾਗਿਰੀਆਂ ਵਿਚ ਵੰਡ ਕੇ, ਵਰਕਰਾਂ ਨੂੰ ਤਨਖਾਹਾਂ ਦੇਣ ਰਹੀ ਵਿਭਾਗੀ ਅਧਿਕਾਰੀਆਂ ਦੀ ਪ੍ਰੋਸੀਡਿੰਗ ਨੂੰ ਹੀ ਲਾਗੂ ਕੀਤਾ ਹੋਇਆ ਹੈ ਅਤੇ ਭਵਿੱਖ ਵਿਚ ਵੀ ਇਸੇ ਪ੍ਰੋਸੀਡਿੰਗ ਨੂੰ ਲਾਗੂ ਰਹਿਣ ਦਿੱਤਾ ਜਾਵੇ। ਇਨਲਿਸਟਮੈਂਟ/ਆਊਟਸੋਰਸ ਵਰਕਰਾਂ ਦੀਆਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਵਾਉਣ ਲਈ ਫੰਡ ਮੰਗਵਾਏ ਜਾਣ। ਸਮੂਹ ਆਊਟਸੋਰਸ ਅਤੇ ਇਨਲਿਸਟਮੈਂਟ ਕਾਮਿਆਂ ਦੀ ਤਨਖ਼ਾਹ, ਸਰਕਾਰ ਵੱਲੋਂ ਪ੍ਰਵਾਨਿਤ ਘੱਟੋ-ਘੱਟ ਉਜਰਤ ਦੇ 1948 ਐਕਟ ਮੁਤਾਬਕ ਨਿਸ਼ਚਿਤ ਕੀਤੀ ਜਾਵੇ ਅਤੇ ਭੱਤੇ ਲਾਗੂ ਕੀਤੇ ਜਾਣ। ਇੰਨਲਿਸਟਮੈਂਟ/ਆਊਟਸੋਰਸ ਕਾਮੇ, ਜਲ ਸਪਲਾਈ ਸਕੀਮਾਂ ਫੀਲਡ ਅਤੇ ਦਫਤਰਾਂ ’ਚ ਇਕ ਵਰਕਰ ਦੇ ਰੂਪ ਵਿਚ ਕੰਮ ਕਰ ਰਹੇ ਹਨ। ਇਨ੍ਹਾਂ ਕਾਮਿਆਂ ਦੇ ਤਜਰਬੇ ਨੂੰ ਮੁੱਖ ਰੱਖ ਕੇ ਵਿਭਾਗੀ ਮੁੱਖੀ, ਜਸਸ ਵਿਭਾਗ, ਮੋਹਾਲੀ ਦੇ ਡਿਸਪੈਂਚ ਨੰ. 792 ਮਿਤੀ 22-12-2017 ਦੇ ਹਵਾਲੇ ਅਧੀਨ ਮੁੱਖ ਇੰਜੀਨੀਅਰ (ਦੱਖਣ) ਪੰਜਾਬ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਨਾਭਾ ਰੋਡ, ਪਟਿਆਲਾ । (ਅਮਲਾ ਨਾਨ ਗਜਟਿਡ ਸ਼ਾਖਾ) ਦੇ ਪੱਤਰ ਨੰ.ਜਸਸ/ਅਨਗ(7) 39 ਮਿਤੀ 11-1-2018 ਅਧੀਨ ਇੰਨਲਿਸਟਮੈਂਟ/ਆਊਟਸੋਰਸ ਮੁਲਾਜਮਾਂ ਨੂੰ ਤਜਰਬੇ ਦੇ ਅਧਾਰ ਤੇ ਵਿਭਾਗ ਵਿਚ ਸਿੱਧੇ ਕੰਟਰੈਕਟ ਉਪਰ ਰੱਖਣ ਦੀ ਜਾਰੀ ਹੋਈ ਤਜਵੀਜ ਨੂੰ ਲਾਗੂ ਕਰਵਾਉਣ ਦੀ ਸਿਫਾਰਸ਼ ਲਿਖਤੀ ਰੂਪ ਵਿਚ ਵਿਭਾਗ ਦੇ ਉਚ ਅਧਿਕਾਰੀਆਂ ਕੋਲ ਸਿਫਾਰਸ਼ ਕੀਤੀ ਜਾਵੇ।
ਜਥੇਬੰਦੀ ਵਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਪਰੋਕਤ ਮੰਗਾਂ ਦਾ ਹੱਲ ਨਾ ਹੋਇਆ ਤਾਂ ਮਜਬੂਰਨ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਉਪਰੋਕਤ ਮੰਗਾਂ ਨੂੰ ਲੈ ਕੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਤਹਿਤ 5 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਪੰਜਾਬ ਸਰਕਾਰ ਦੇ ਰਾਵਨ ਰੂਪੀ ਪੁਤਲੇ ਫੂਕੇ ਜਾਣਗੇ। ਮੋਰਚੇ ਵਲੋ 7 ਅਕਤੂਬਰ ਨੂੰ ਧੂਰੀ ਸਟੇਟ ਹਾਈਵੇ ਜਾਮ ਪ੍ਰਦਰਸ਼ਨ ਵਿਚ ਭਰਵੀ ਸ਼ਮੂਲੀਅਤ ਕਰਨ ਦਾ ਵੀ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਸੂਬਾ ਆਗੂ ਭੁਪਿੰਦਰ ਸਿੰਘ ਕੁਤਬੇਵਾਲ, ਸੁਰੇਸ਼ ਕੁਮਾਰ ਮੋਹਾਲੀ, ਸੰਦੀਪ ਖਾਨ, ਪ੍ਰਦੂਮਣ ਸਿੰਘ ਅਮਿ੍ਰਤਸਰ, ਤਜਿੰਦਰ ਸਿੰਘ ਮਾਨ, ਸੁਰਿੰਦਰ ਕੁਮਾਰ ਮਾਨਸਾ, ਬਲਜੀਤ ਸਿੰਘ ਭੱਟੀ, ਜਸਬੀਰ ਸਿੰਘ ਜਿੰਦਬੜੀ, ਓਮਕਾਰ ਸਿੰਘ ਹੁਸ਼ਿਆਰਪੁਰ ਆਦਿ ਹਾਜਰ ਸਨ।