ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ/ਸੰਗਰੂਰ, 22 ਸਤੰਬਰ, 2022: ਟੈੱਟ ਪਾਸ ਕੱਚੇ ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਖਿਲਾਫ਼ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਪ੍ਰੈੱਸ ਬਿਆਨ ਜਾਰੀ ਕਰਦਿਆਂ ਯੂਨੀਅਨ ਦੇ ਸੂਬਾਈ ਆਗੂ ਸਮਰਜੀਤ ਸਿੰਘ ਮਾਨਸਾ, ਸਰਬਜੀਤ ਸਿੰਘ, ਬਲਕਾਰ ਸਿੰਘ ਪਟਿਆਲਾ, ਕਿਰਨ ਸੰਗਰੂਰ, ਰਾਜਿੰਦਰ ਕੌਰ ਰੋਪੜ, ਹਰਜੀਤ ਮੋਹਾਲੀ, ਦਲਜੀਤ ਸਿੰਘ ਬਠਿੰਡਾ ਨੇ ਕਿਹਾ ਕਿ ਉਹ ਕੱਚੇ ਅਧਿਆਪਕਾਂ ਵਜੋਂ 2003 ਤੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਟੈੱਟ ਪਾਸ ਹਨ ਅਤੇ ਭਰਤੀ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਉਹਨਾਂ ਨੂੰ ਈ.ਟੀ.ਟੀ. ਤੇ ਐੱਨ ਟੀ.ਟੀ. ਵੀ ਕਰਵਾਈ ਹੈ। ਉਹਨਾਂ ਕਿਹਾ ਕਿ ਟੈੱਟ ਪਾਸ ਵਲੰਟੀਅਰਾਂ ਨੂੰ ਈ.ਟੀ.ਟੀ. ਪੋਸਟ 'ਤੇ ਰੈਗੂਲਰ ਕੀਤਾ ਜਾਵੇ ਤੇ ਐੱਨ. ਟੀ. ਟੀ. ਦੀਆਂ ਪੋਸਟਾਂ ਵਿੱਚ ਹੋਏ ਫ਼ੈਸਲੇ ਨੂੰ ਆਧਾਰ ਮੰਨ ਕੇ ਈ. ਟੀ. ਟੀ. ਦੀਆਂ ਪੋਸਟਾਂ ਵਿੱਚ ਵੀ 50 ਫੀਸਦੀ ਕੋਟਾ, ਉਨ੍ਹਾਂ ਨੂੰ ਦਿੱਤਾ ਜਾਵੇ। ਉਹਨਾਂ ਦੱਸਿਆ ਕਿ ਉਕਤ ਮੰਗਾਂ ਸਬੰਧੀ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਨੂੰ ਭੇਜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਕਤ ਮੰਗਾਂ 'ਤੇ ਸਹਿਮਤੀ ਨਾ ਦਿੱਤੀ ਤਾਂ ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜ਼ੱਦੀ ਹਲਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ 25 ਸਤੰਬਰ ਨੂੰ ਗੁਪਤ ਐਕਸ਼ਨ ਕਰਨ ਲਈ ਮਜ਼ਬੂਰ ਹੋਣਗੇ।
ਇਸ ਮੌਕੇ ਵਲੰਟੀਅਰ ਅਧਿਆਪਕ ਹਰਵਿੰਦਰ ਸਿੰਘ, ਕੇਵਲ ਸਿੰਘ, ਜਗਸੀਰ ਸਿੰਘ, ਹਰਮੀਤ ਸਿੰਘ, ਅਮਨ ਉਭਾ ਤੇ ਚਰਨਪਾਲ ਸਿੰਘ ਉਭਾ ਆਦਿ ਆਗੂ ਮੌਜੂਦ ਸਨ।