ਸਿਹਤ ਅਤੇ ਸਿੱਖਿਆ ਨੂੰ ਵਿਸ਼ੇਸ਼ ਤਵੱਜੋੋਂ ਦੇਣ ਦੇ ਦਮਗਜੇ ਮਾਰਨ ਵਾਲੀ ਆਪ ਸਰਕਾਰ ਹੁਣ ਨੌਕਰੀਆਂ ਦੀ ਬਜਾਏ ਡਾਂਗਾਂ ਨਾਲ ਨਿਵਾਜ਼ ਰਹੀ ਹੈ: ਢਿੱਲਵਾਂ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 20 ਸਤੰਬਰ, 2022: ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਬਰਨਾਲਾ ਵਿਖੇ ਉਚੇਰੀ ਸਿੱਖਿਆ ਮੰਤਰੀ ਸ੍ਰ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਰੋਸ ਕਰਦੇ ਬੇਰੁਜ਼ਗਾਰਾਂ ਉੱਤੇ ਢਾਹੇ ਜ਼ਬਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲੋਕ ਦੋਖੀ ਚਿਹਰਾ ਸਾਹਮਣੇ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੇ ਪੱਖ ਵਿੱਚ ਛਲਾਵੇ ਕਰਨ ਵਾਲੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਸਰਕਾਰ ਨੇ ਬੇਰੁਜ਼ਗਾਰ 1158 ਸਹਾਇਕ ਪ੍ਰੋਫ਼ੈਸਰਾਂ ਉੱਤੇ ਬੇਤਹਾਸ਼ਾ ਜ਼ਬਰ ਕਰਕੇ ਪਿਛਲੀਆਂ ਸਰਕਾਰਾਂ ਨੂੰ ਮਾਤ ਪਾ ਦਿੱਤੀ ਹੈ।
ਸ੍ਰੀ ਢਿੱਲਵਾਂ ਨੇ ਮੀਤ ਹੇਅਰ ਨੂੰ ਡਰਾਮੇਬਾਜ਼ ਅਤੇ ਮਗਰ ਮੱਛ ਦੇ ਹੰਝੂ ਵਹਾਉਣ ਵਾਲਾ ਮੰਤਰੀ ਕਿਹਾ, ਕਿਉਕਿ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਉਹ ਬੇਰੁਜ਼ਗਾਰਾਂ ਦੇ ਧਰਨਿਆਂ ਵਿੱਚ ਸ਼ਾਮਿਲ ਹੋਕੇ ਵੱਡੇ ਵੱਡੇ ਵਾਅਦੇ ਕਰਦੇ ਸਨ ਅਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਹ ਵੀ ਪਿਛਲੀਆਂ ਸਰਕਾਰਾਂ ਤੋ ਵਧੇਰੇ ਜਾਬਰ ਰੂਪ ਧਾਰਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਨੂੰ ਵਿਸ਼ੇਸ਼ ਤਵੱਜੋੋਂ ਦੇਣ ਦੇ ਦਮਗਜੇ ਮਾਰਨ ਵਾਲੀ ਸਰਕਾਰ ਨੌਕਰੀਆਂ ਦੀ ਬਜਾਏ ਡਾਂਗਾਂ ਨਾਲ ਨਿਵਾਜ਼ ਰਹੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜੇ ਤੱਕ ਪਿਛਲੀ ਕਾਂਗਰਸ ਸਰਕਾਰ ਵੱਲੋਂ ਜਾਰੀ ਭਰਤੀਆਂ ਨੂੰ ਨੇਪਰੇ ਨਹੀਂ ਚਾੜ ਰਹੀ। ਉਹਨਾਂ ਬੇਰੁਜ਼ਗਾਰਾਂ ਨੂੰ ਦੇਰ ਰਾਤ ਤੱਕ ਥਾਣਿਆਂ ਵਿਚ ਡੱਕਣ ਦੀ ਨਿਖੇਧੀ ਕੀਤੀ।