ਪੰਜਾਬ ਅੰਦਰ 2000 ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ ਸਿਰਫ 357 ਸਕੂਲਾਂ ਵਿੱਚ ਹੀ ਭੂਗੋਲ ਵਿਸ਼ੇ ਦੀਆਂ ਅਸਾਮੀਆਂ ਉਨ੍ਹਾਂ ਵਿਚੋਂ ਵੀ 132 ਅਸਾਮੀਆਂ ਹਨ ਖਾਲੀ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 19 ਸਤੰਬਰ, 2022: ਪੰਜਾਬ ਦੀ ਬੇਰੁਜ਼ਗਾਰ ਜੌਗਰਫ਼ੀ (ਭੂਗੋਲ) ਲੈਕਚਰਾਰ ਯੂਨੀਅਨ ਦੀ ਮੀਟਿੰਗ ਸੂਬਾ ਕਮੇਟੀ ਮੈਂਬਰਾਂ ਹਰਕੀਰਤ ਸਿੰਘ, ਗੁਰਵਿੰਦਰ ਸਿੰਘ, ਗੋਬਿੰਦ ਸਿੰਘ, ਧੀਰਜ ਸਿੰਘ ਦੀ ਅਗਵਾਈ ਵਿੱਚ ਬਨਾਸਰ ਬਾਗ਼ ਸੰਗਰੂਰ ਵਿਖ਼ੇ ਹੋਈ, ਜਿਸ ਵਿੱਚ ਉਨ੍ਹਾਂ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਪੰਜਾਬ ਕਿ ਸਰਕਾਰ ਲੰਮੇ ਸਮੇਂ ਤੋਂ ਭੂਗੋਲ ਵਿਸ਼ੇ ਨੂੰ ਅਣਦੇਖਿਆ ਕਰਦੀ ਆ ਰਹੀ ਹੈ। ਇਹ ਵਿਸ਼ਾ ਵਾਤਾਵਰਨ ਦੇ ਪੱਖ ਤੋਂ ਬਹੁਤ ਮਹੱਤਵਪੂਰਨ ਹੈ ਆਧੁਨਿਕ ਯੁੱਗ ਵਿੱਚ ਇਸ ਵਿਸ਼ੇ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਜਿੱਥੇ ਪੰਜਾਬ ਦੇ ਗੁਆਂਢੀ ਰਾਜ ਇਸ ਵਿਸ਼ੇ ਤੇ ਲਗਾਤਾਰ ਧਿਆਨ ਦੇ ਰਹੇ ਹਨ ਓੱਥੇ ਹੀ ਪੰਜਾਬ ਸਰਕਾਰ ਨੇ ਇਸ ਵਿਸ਼ੇ ਤੇ ਲਗਭਗ 15 ਸਾਲਾਂ ਤੋਂ ਕੋਈ ਧਿਆਨ ਨਹੀਂ ਦਿੱਤਾ, ਪੰਜਾਬ ਅੰਦਰ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ ਲਗਭਗ 2000 ਦੇ ਕਰੀਬ ਹੈ ਅਤੇ ਇਹਨਾਂ 2000 ਸਕੂਲਾਂ ਵਿੱਚੋਂ ਸਿਰਫ 357 ਸਕੂਲਾਂ ਵਿੱਚ ਹੀ ਭੂਗੋਲ ਵਿਸ਼ੇ ਦੀਆਂ ਪੋਸਟਾਂ ਹਨ ਜਿਸ ਵਿੱਚੋਂ ਵੀ ਸਿਰਫ਼ 225 ਲੈਕਚਰਾਰ ਹੀ ਮੌਜੂਦਾ ਸਮੇਂ ਕੰਮ ਕਰ ਰਹੇ ਹਨ ਅਤੇ 132 ਅਸਾਮੀਆਂ ਅਜੇ ਵੀ ਖਾਲੀ ਹਨ। ਵਿਚਾਰਨਯੋਗ ਗੱਲ ਇਹ ਹੈ ਕਿ ਪੰਜਾਬ ਦੇ 2000 ਸਕੂਲਾਂ ਵਿੱਚੋਂ ਲਗਭਗ 1650 ਸਕੂਲਾਂ ਅੰਦਰ ਇਸ ਵਿਸ਼ੇ ਨੂੰ ਪੜ੍ਹਾਇਆ ਹੀ ਨਹੀਂ ਜਾਂਦਾ। ਪੰਜਾਬ ਵਿੱਚ ਪਿਛਲੇ 15 ਸਾਲਾਂ ਤੋਂ ਇਸ ਵਿਸ਼ੇ ਦੀ ਕੋਈ ਵੀ ਨਵੀਂ ਪੋਸਟਨਹੀਂ ਆਈ। ਪੰਜਾਬ ਸਰਕਾਰ ਜਿੱਥੇ ਹੋਰਨਾਂ ਵਿਸ਼ਿਆਂ ਦੀਆਂ ਲੈਕਚਰਾਰ ਦੀਆ ਪੋਸਟਾਂ ਕੱਢ ਰਹੀ ਹੈ ਓਥੇ ਹੀ ਭੂਗੋਲ ਵਿਸ਼ੇ ਦੀ ਕੋਈ ਵੀ ਨਵੀਂ ਲੈਕਚਰਾਰ ਭਰਤੀ ਨਹੀਂ ਆ ਰਹੀ। ਪੰਜਾਬ ਦੇ ਭੂਗੋਲ ਵਿਸ਼ੇ ਨਾਲ ਸੰਬੰਧਿਤ ਨੌਜਵਾਨਾਂ ਵਿੱਚ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਹੈ।
ਬੇਰੁਜ਼ਗਾਰ ਜੌਗਰਫੀ ਲੈਕਚਰਾਰ ਯੂਨੀਅਨ ਦੇ ਨੁਮਾਇੰਦਿਆਂ ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਸ਼ਰਨਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਬਲਕਾਰ ਸਿੰਘ ਨੇ ਪੰਜਾਬ ਸਰਕਾਰ ਤੋਂ ਤੁਰੰਤ ਜੌਗਰਫੀ ਦੀਆਂ ਲੈਕਚਰਾਰਾਂ ਦੀਆਂ ਅਸਾਮੀਆਂਂ ਤੁਰੰਤ ਕੱਢਣ ਦੀ ਮੰਗ ਕੀਤੀ ਅਤੇ ਨਾਲ ਹੀ ਉਮੀਦ ਜ਼ਾਹਿਰ ਕੀਤੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਹੱਤਵਪੂਰਨ ਵਿਸ਼ੇ ਵੱਲ ਜਰੂਰ ਧਿਆਨ ਦੇਵੇਗੀ।