22 ਸਤੰਬਰ ਨੂੰ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਤਿੱਖੇ ਸੰਘਰਸ਼ ਕਰਨ ਦਾ ਐਲਾਨ
ਪਾਤੜ੍ਹਾਂ:18 ਸਤੰਬਰ ਦੇਸ਼ ਕਲਿੱਕ ਬਿਓਰੋ-
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਚ.ਓ.ਡੀ. ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਭਾਗੀ ਅਧਿਕਾਰੀਆਂ ਦੀ ਬਣੀ ਕਮੇਟੀ ਵਲੋਂ 16 ਸਤੰਬਰ 2022 ਨੂੰ ਆਪਣੀ ਮੀਟਿੰਗ ’ਚ ਪੇਂਡੂ ਜਲ ਸਪਲਾਈ ਸਕੀਮਾਂ ਵਿਚ ਫੀਲਡ ਅਤੇ ਦਫਤਰਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਇੰਨਲਿਸਟਮੈਂਟ/ਆਊਟਸੋਰਸ ਵਰਕਰਾਂ ਦਾ 0-5 ਸਾਲ, 5-10 ਸਾਲ ਅਤੇ 10 ਸਾਲ ਤੋਂ ਉਪਰ ਦੇ ਤਜਰਬੇ ਨੂੰ ਖਤਮ ਕਰਕੇ ਤਨਖਾਹਾਂ ’ਚ ਇਕਸਾਰਤਾ ਲਿਆਉਣ ਦੀ ਰਿਪੋਰਟ ਪੇਸ਼ ਕੀਤੀ ਗਈ ਹੈ, ਜਿਸਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਕਮੇਟੀ ਵਲੋਂ ਵਰਕਰ ਵਿਰੋਧੀ ਹੋਣ ਦਾ ਹਵਾਲਾ ਦਿੰਦੇ ਹੋਏ ਇਸ ਰਿਪੋਰਟ ਨੂੰ ਮੁੱਢੋ ਰੱਦ ਕਰਨ ਦੀ ਪੂਰਜੋਰ ਮੰਗ ਕੀਤੀ ਗਈ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ, ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ, ਮੀਤ ਪ੍ਰਧਾਨ ਭੁਪਿੰਦਰ ਸਿੰਘ ਕੁਤਬੇਵਾਲ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ 16 ਸਤੰਬਰ 2022 ਨੂੰ ਜਸਸ ਵਿਭਾਗ ਦੇ ਅਧਿਕਾਰੀਆਂ ਦੀ ਕਮੇਟੀ ਵਲੋਂ ਵਰਕਰਾਂ ਦੀਆਂ ਤਨਖਾਹਾਂ ’ਚ ਇਕਸਾਰਤਾਂ ਲਿਆਉਣ ਵਾਲੀ ਪੇਸ਼ ਕੀਤੀ ਰਿਪੋਰਟ ਦੇ ਨਾਲ ਜਿੱਥੇ ਵਰਕਰਾਂ ਦਾ ਪਿਛਲੇ ਲੰਮੇ ਅਰਸੇ ਦੌਰਾਨ ਕੀਤੇ ਕੰਮ ਦਾ ਤਜਰਬਾ ਖਤਮ ਹੋ ਜਾਵੇਗਾ ਉਥੇ ਤਜਰਬੇ ਦੇ ਅਧਾਰ ਤੇ ਆਪਣੇ ਪੱਕੇ ਰੁਜਗਾਰ ਦੀ ਮੰਗ ਕਰ ਰਹੇ ਇੰਨਲਿਸਟਮੈਂਟ/ਆਊਟਸੋਰਸ ਵਰਕਰਾਂ ਨੂੰ ਬੇਰੁਜਗਾਰ ਕਰਨ ਦੀ ਇਕ ਸੋਚੀ ਸਮਝੀ ਸਾਜਿਸ਼ ਹੈ ਕਿਉਕਿ ਪੰਜਾਬ ਸਰਕਾਰ ਅਤੇ ਮਹਿਕਮੇ ਦੀ ਮੈਨੇਜਮੈਂਟ ਪੀਣ ਵਾਲੇ ਪਾਣੀ ਲਈ ਮੈਗਾ ਨਾਹਿਰੀ ਪ੍ਰੋਜੈਕਟ ਉਸਾਰ ਕੇ ਇਸ ਮਹਿਕਮੇ ਦਾ ਨਿੱਜੀਕਰਨ ਕਰ ਰਹੀ ਹੈ। ਜਿਸਦੇ ਤਹਿਤ ਹੀ ਵਿਭਾਗ ’ਚ ਕੰਮ ਕਰਦੇ ਠੇਕਾ ਕਾਮਿਆਂ ਨੂੰ ਵੀ ਬੇਰੁਜਗਾਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਨਲਿਸਟਮੈਂਟ/ਆਊਟਸੋਰਸ ਮੈਨ ਪਾਵਰ ਦੀਆਂ ਤਨਖਾਹਾਂ ’ਚ ਇਕਸਾਰਤਾ ਲਿਆਉਣ ਦੇ ਨਾਂਅ ਹੇਠ ਇਨਲਿਸਟਮੈਂਟ ਮੈਨ ਪਾਵਰ ਨੂੰ ਇਕ ਪੱਕੇ ਠੇਕੇਦਾਰ ਦੇ ਰੂਪ ਵਿਚ ਪ੍ਰਵਾਨ ਕਰਕੇ ਜਲ ਸਪਲਾਈ ਨਾਲ ਸਬੰਧਤ ਮਾਲੀ ਕਮ ਚੋਕੀਦਾਰ ਤੋਂ ਲੈ ਕੇ ਪੰਪ ਉਪਰੇਟਰ, ਕੈਸ਼ੀਅਰ, ਫਿਟਰ, ਪਲੰਬਰ, ਡਾਟਾ ਐੰਟਰੀ ਉਪਰੇਟਰ ਤੱਕ ਦੀਆਂ ਸਾਰੀਆਂ ਜਿੰਮੇਵਾਰੀਆਂ ਇਨਲਿਸਟਡ ਵਰਕਫੋਰਸ ਸਿਰ ਲੱਦ ਕੇ ਵਿਭਾਗ ਵਿਚ ਹਜਾਰਾਂ ਪੱਕੇ ਰੁਜਗਾਰ ਦੇ ਮੌਕਿਆਂ ਦਾ ਉਜਾੜਾ ਕਰਨ ਦਾ ਰਾਹ ਵੀ ਕੱਢ ਲਿਆ ਹੈ।
ਅੰਤ ਵਿਚ ਜਥੇਬੰਦੀ ਨੇ ਵਿਭਾਗੀ ਮੁੱਖੀ ਅਤੇ ਕਮੇਟੀ ਅਧਿਕਾਰੀਆਂ ਸਮੇਤ ਸਮੂੱਚੀ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ 16 ਸਤੰਬਰ ਨੂੰ ਕਮੇਟੀ ਵਲੋਂ ਤਨਖਾਹਾਂ ’ਚ ਇਕਸਾਰਤਾ ਲਿਆ ਕੇ ਵਰਕਰ ਵਿਰੋਧੀ ਪੇਸ਼ ਕੀਤੀ ਰਿਪੋਰਟ ਨੂੰ ਤੁਰੰਤ ਰੱਦ ਕਰਨ ਦਾ ਫੈਸਲਾ ਨਾ ਲਿਆ ਤਾਂ ਉਪਰੋਕਤ ਯੂਨੀਅਨ ਵਲੋਂ 22 ਸਤੰਬਰ ਨੂੰ ਲੂਧਿਆਣਾ ਦੇ ਈਸੜੂ ਭਵਨ ਵਿਖੇ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਤਿੱਖੇ ਸੰਘਰਸ਼ ਕਰਨ ਦਾ ਐਲਾਨ ਕੀਤਾ ਜਾਵੇਗਾ।