ਪਟਿਆਲਾ, 13 ਸਤੰਬਰ: ਦੇਸ਼ ਕਲਿੱਕ ਬਿਓਰੋ
ਸਰਕਾਰੀ ਆਈ.ਟੀ.ਆਈ. (ਲੜਕੇ) ਪਟਿਆਲਾ ਵੱਲੋਂ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਮਿਤੀ 14 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ. (ਲੜਕੇ) ਪਟਿਆਲਾ ਵਿਖੇ ਕੇਵਲ ਲੜਕਿਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਮਾਰੂਤੀ ਸੁਜ਼ੂਕੀ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਆਈ.ਟੀ.ਆਈ. ਪਾਸ ਲੜਕੇ ਜਾਂ ਜਿਨ੍ਹਾਂ ਨੇ ਜੁਲਾਈ 2022 ਵਿੱਚ ਆਈ. ਟੀ.ਆਈ. ਦੇ ਪੇਪਰ ਦਿੱਤੇ ਹਨ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਕੈਂਪ ਵਿੱਚ ਭਾਗ ਲੈਣ ਲਈ ਉਮੀਦਵਾਰ ਆਪਣੀ ਰਜਿਸਟ੍ਰੇਸ਼ਨ https://www.marutisuzuki.com/corporate/careers ਲਿੰਕ ਉਤੇ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਉਮੀਦਵਾਰ ਦੀ ਉਮਰ 18 ਤੋਂ 26 ਸਾਲ ਤੱਕ ਹੋਣੀ ਚਾਹੀਦੀ ਹੈ ਤੇ ਉਸ ਨੇ ਆਈ.ਟੀ.ਆਈ. ਟਰੇਡਸ ਜਿਵੇਂ ਕਿ ਫਿਟਰ, ਟਰਨਰ, ਮਸ਼ੀਨਿਸਟ, ਮੋਟਰ ਮਕੈਨਿਕ, ਪੇਂਟਰ, ਟਰੈਕਟਰ ਮਕੈਨਿਕ, ਡੀਜ਼ਲ ਮਕੈਨਿਕ, ਵੈਲਡਰ, ਟੂਲ ਅਤੇ ਡਾਈ ਮੇਕਰ, ਆਟੋਮੋਬਾਇਲ ਟੈਕਨੀਸ਼ੀਅਨ ਦੀ ਵਿੱਚ ਆਈ.ਟੀ.ਆਈ ਕੀਤੀ ਹੋਵੇ। ਉਮੀਦਵਾਰ ਦਾ ਟੈੱਸਟ ਮਿਤੀ 14 ਸਤੰਬਰ ਨੂੰ ਲਿਆ ਜਾਵੇਗਾ ਅਤੇ ਟੈੱਸਟ ਪਾਸ ਕੀਤੇ ਗਏ ਉਮੀਦਵਾਰਾਂ ਦਾ ਇੰਟਰਵਿਊ 15 ਸਤੰਬਰ ਨੂੰ ਕੰਪਨੀ ਵੱਲੋਂ ਸਰਕਾਰੀ ਆਈ.ਟੀ.ਆਈ. (ਲੜਕੇ) ਨਾਭਾ ਰੋਡ ਪਟਿਆਲਾ ਵਿਖੇ ਲਿਆ ਜਾਵੇਗਾ।
ਸਿੰਪੀ ਸਿੰਗਲਾ ਨੇ ਕਿਹਾ ਕਿ ਉਮੀਦਵਾਰ ਆਪਣੀ ਯੋਗਤਾ ਦੇ ਸਾਰੇ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਰਿਜ਼ਿਊਮ, ਆਧਾਰ ਕਾਰਡ, ਵਿੱਦਿਅਕ ਸਰਟੀਫਿਕੇਟ ਅਤੇ ਤਜਰਬਾ ਸਰਟੀਫਿਕੇਟ ਨਾਲ ਲੈ ਕੇ ਸਰਕਾਰੀ ਆਈ.ਟੀ.ਆਈ. (ਲੜਕੇ) ਨਾਭਾ ਰੋਡ ਪਟਿਆਲਾ ਵਿਖੇ ਸਵੇਰੇ 10 ਵਜੇ ਪਹੁੰਚਣ। ਵਧੇਰੇ ਜਾਣਕਾਰੀ ਲਈ ਕੰਪਨੀ ਦੇ ਹੈਲਪ ਲਾਈਨ ਨੰਬਰ 01244034795 ਉਤੇ ਕਾਲ ਕਰ ਸਕਦੇ ਹਨ ਜਾਂ ਫੇਸਬੁੱਕ ਪੇਜ਼ ਗੌਰਮਿੰਟ ਆਈ.ਟੀ.ਆਈ ਪਟਿਆਲਾ ਕੈਂਪਸ ਰਿਕਰੂਟਮੈਂਟਜ਼ ਪਲੇਸਮੈਂਟਜ਼ ਉਤੇ ਮੇਸੇਜ ਕਰ ਕੇ ਪਤਾ ਕਰ ਸਕਦੇ ਹਨ।