ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 7 ਸਤੰਬਰ, 2022: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ’ਚ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਵੱਲੋਂ ਨੌਜਵਾਨਾਂ ਨੂੰ ਪੜ੍ਹਾਈ ਅਤੇ ਹੁਨਰ ਦੇ ਆਧਾਰ ’ਤੇ ਲਗਾਤਾਰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਅਜਿਹਾ ਇੱਕ ਮੌਕਾ ਭਵਾਨੀਗੜ ਦੇ ਰਹਿਣ ਵਾਲੇ ਯੋਗੇਸ਼ ਸ਼ਾਹੀ ਪੁੱਤਰ ਜਤਿੰਦਰ ਕੁਮਾਰ ਨੂੰ ਮਿਲਿਆ ਜਿਸਦਾ ਭਰਪੂਰ ਫ਼ਾਇਦਾ ਲੈਂਦਿਆਂ ਉਹ ਟੈਲੀ ਪਰਫਾਰਮੈਂਸ ਕੰਪਨੀ ਵਿੱਚ ਬਤੌਰ ਐਗਜ਼ੈਕੇਟਿਵ ਚੁਣਿਆ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਬੇਰੋਜ਼ਗਾਰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਉਨਾਂ ਦੀ ਯੋਗਤਾ ਅਨੁਸਾਰ ਅਤੇ ਨਿਯੋਜਕ ਦੀ ਮੰਗ ਅਨੁਸਾਰ ਰੋਜ਼ਗਾਰ ਮੇਲੇ ਅਤੇ ਪਲੇਸਮੈਂਟ ਕੈਂਪ ਲਗਾ ਕੇ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਡਾਇਰੈਕਟਰ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵੱਲੋਂ ਮਿਲੇ ਆਦੇਸ਼ਾਂ ਅਨੁਸਾਰ ਪ੍ਰਾਰਥੀਆਂ ਨੂੰ 12 ਦਿਨਾਂ ਦੀ ਆਫਲਾਈਨ ਇ਼ੰਟਰਵਿਊ ਓਰੀਐਂਟੇਸ਼ਨ-ਕਮ-ਪਰਸਨਨੈਲਿਟੀ ਡਿਵੈਲਪਮੈਂਟ ਟ੍ਰੇਨਿੰਗ ਐਮਪੈਕਟ ਕੰਪਨੀ ਵੱਲੋਂ ਕਰਵਾਈ ਗਈ।
ਉਨਾਂ ਕਿਹਾ ਕਿ ਇਸੇ ਤਰਾਂ ਦੇ ਇੱਕ ਉਪਰਾਲੇ ਤਹਿਤ ਯੋਗੇਸ਼ ਸ਼ਾਹੀ , ਜੋ ਕਿ ਬਾਰਵੀਂ ਪਾਸ ਹੈ, ਨੂੰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਡੀ.ਬੀ.ਈ.ਈ. ਪਟਿਆਲਾ ਵਿਖੇ ਲਗਾਏ ਗਏ ਪਲੇਸਮੈਂਟ ਕੈਂਪ ਵਿੱਚ ਉਸ ਨੂੰ ਟੈਲੀ ਪਰਫਾਰਮੈਂਸ ਕੰਪਨੀ ਦੀ ਇੰਟਰਵਿਊ ਵਿੱਚ ਹਿੱਸਾ ਲੈਣ ਲਈ ਭੇਜਿਆ ਗਿਆ। ਉਨਾਂ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਹਿੱਸਾ ਲੈਣ ਉਪਰੰਤ ਨਿਯੋਜਕ ਵੱਲੋਂ ਬਿਨੇਕਾਰ ਦੀ ਇੰਟਰਵਿਊ ਲਈ ਗਈ ਅਤੇ ਉਹ ਟੈਲੀ ਪਰਫਾਰਮੈਂਸ ਕੰਪਨੀ ’ਚ ਬਤੌਰ ਐਗਜ਼ੈਕਟਿਵ ਚੁਣਿਆ ਗਿਆ।
ਯੋਗੇਸ਼ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਸਦੀ ਤਨਖਾਹ ਹੁਣ 17000/- ਰੁਪਏ ਪ੍ਰਤੀ ਮਹੀਨਾ ਹੈ ਜਿਸ ਲਈ ਉਹ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹੈ। ਉਸਨੇ ਕਿਹਾ ਕਿ ਨੌਕਰੀ ਨਾ ਮਿਲਣ ਕਰਕੇ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ ਤੇ ਨੌਕਰੀ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਿਹਾ ਸੀ। ਉਸਨੇ ਕਿਹਾ ਕਿ ਹੁਣ ਉਹ ਖੁਸ਼ ਹੈ ਕਿਉਕਿ ਜਿਸ ਤਰਾਂ ਦੀ ਨੌਕਰੀ ਉਹ ਕਰਨਾ ਚਾਾਹੁੰਦਾ ਸੀ, ਉਸੇ ਤਰਾਂ ਦੀ ਨੌਕਰੀ ਉਸਨੂੰ ਮਿਲੀ ਹੈ।