ਪੈੱਨਲ ਮੀਟਿੰਗ ਵਿੱਚ ਭਰਤੀ ਅਤੇ ਉਮਰ ਹੱਦ ਛੋਟ ਦੀ ਮੰਗ ਉੱਤੇ ਚਰਚਾ
ਸਿਹਤ ਮੰਤਰੀ ਨੇ ਲਾਰਾ ਲਗਾਇਆ ਤਾਂ ਮੰਤਰੀ ਦੇ ਸ਼ਹਿਰ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ: ਸੁਖਵਿੰਦਰ ਢਿੱਲਵਾਂ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ/ਐੱਸ. ਏ. ਐੱਸ. ਨਗਰ, 07 ਸਤੰਬਰ, 2022: ਸਿਹਤ ਵਿਭਾਗ ਵਿੱਚ ਭਰਤੀ ਦੀ ਮੰਗ ਨੂੰ ਲੈਕੇ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਦੀ ਮੀਟਿੰਗ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਦਫ਼ਤਰ ਵਿਖੇ ਹੋਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਿਹਤ ਮੰਤਰੀ ਸ੍ਰ ਚੇਤਨ ਸਿੰਘ ਜੌੜਾ ਮਾਜਰਾ ਦੇ ਸ਼ਹਿਰ ਸਮਾਣਾ ਵਿਖੇ ਜ਼ਬਰਦਸਤ ਰੋਸ ਮਾਰਚ ਕਰਕੇ ਸਰਕਾਰ ਦੇ ਲਾਰਿਆਂ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਸਿਹਤ ਮੰਤਰੀ ਵੱਲੋਂ ਪੈਨਲ ਮੀਟਿੰਗ ਦਿੱਤੀ ਗਈ ਸੀ।
ਆਗੂਆਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਪਹੁੰਚੀ ਪੰਜ ਮੈਂਬਰੀ ਟੀਮ ਨੇ ਬਲਕਾਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਅਗਵਾਈ ਵਿੱਚ ਜ਼ੋਰਦਾਰ ਢੰਗ ਨਾਲ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਖਾਲੀ ਪਈਆਂ ਵਰਕਰ ਪੁਰਸ਼ ਅਤੇ ਮਹਿਲਾ ਦੀਆਂ ਸਾਰੀਆਂ ਅਸਾਮੀਆਂ ਉਮਰ ਵਿਚ ਪੰਜ ਸਾਲ ਛੋਟ ਦੇ ਕੇ ਭਰਤੀ ਕਰਨ ਦੀ ਮੰਗ ਕੀਤੀ।
ਬੇਰੁਜ਼ਗਾਰਾਂ ਨੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਕਿਹਾ ਕਿ ਪੰਜਾਬ ਸਿਹਤ ਵਿਭਾਗ ਵਿੱਚ ਪੰਜਾਬ ਦੀ ਆਬਾਦੀ ਅਨੁਸਾਰ ਘੱਟੋ ਘੱਟ ਛੇ ਹਜ਼ਾਰ ਵਰਕਰ ਪੁਰਸ਼ ਦੀਆਂ ਅਸਾਮੀਆਂ ਮਨਜੂਰ ਕੀਤੇ ਜਾਣ ਦੀ ਲੋੜ ਹੈ। ਬੇਰੁਜ਼ਗਾਰਾਂ ਨੇ ਕਿਹਾ ਕਿ ਮੁਹੱਲਾ ਕਲੀਨਿਕ ਦੇ ਡਰਾਮੇ ਦੀ ਬਜਾਏ ਲੰਬੇ ਸਮੇਂ ਤੋਂ ਕੋਰਸ ਪਾਸ ਕਰਕੇ ਬੇਰੁਜ਼ਗਾਰੀ ਝੱਲ ਰਹੇ ਵਰਕਰਾਂ ਨੂੰ ਨੌਕਰੀ ਦਿੱਤੀ ਜਾਵੇ।
ਉਨ੍ਹਾਂ ਦੱਸਿਆ ਕਿ ਵਰਕਰ ਦਾ ਕੋਰਸ ਕਰਵਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਸਾਲ 2014 ਤੋ ਬੰਦ ਹੋ ਚੁੱਕੀਆਂ ਹਨ।ਪੰਜਾਬ ਅੰਦਰ ਕੋਰਸ ਪਾਸ ਕਰੀਬ 2500 ਬੇਰੁਜ਼ਗਾਰ ਰੁਲ ਰਹੇ ਹਨ। ਸਿਹਤ ਮੰਤਰੀ ਸਮੇਤ ਸਮੁੱਚੇ ਅਮਲੇ ਨੇ ਜਲਦੀ ਉਮਰ ਵਿੱਚ ਛੋਟ ਦੇ ਭਰਤੀ ਦਾ ਭਰੋਸਾ ਦਿੱਤਾ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਜੇਕਰ ਸਿਹਤ ਮੰਤਰੀ ਨੇ ਲਾਰਾ ਲਗਾਇਆ ਤਾਂ ਜਲਦੀ ਮੰਤਰੀ ਦੇ ਸ਼ਹਿਰ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਜਾਵੇਗਾ।
ਇਸ ਮੌਕੇ ਪਰਮਜੀਤ ਸਿੰਘ, ਸਾਹਿਬ ਸਿੰਘ, ਦਵਿੰਦਰ ਕੁਮਾਰ, ਜਸਮੇਲ ਦੇਧਨਾ, ਲੱਖਾ ਜੋਗਾ ਆਦਿ ਹਾਜ਼ਰ ਸਨ।