ਪਹਿਲਾਂ ਕੱਢੀਆਂ ਅਸਾਮੀਆਂ 'ਚ ਵਾਧਾ ਕਰਨ ਤੋਂ ਕੋਰਾ ਜਵਾਬ, ਨਵੀਆਂ ਅਸਾਮੀਆਂ ਕੱਢਣ ਦਾ ਮਿਲਿਆ ਭਰੋਸਾ
ਮੰਗਾਂ ਨਾ ਮੰਨੀਆਂ ਗਈਆਂ, ਤਾਂ ਤਿੱਖੇ ਸੰਘਰਸ਼ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਜਾਣਗੀਆਂ: ਢਿੱਲਵਾਂ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ/ਸੰਗਰੂਰ, 07 ਸਤੰਬਰ, 2022: ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਆਗੂਆਂ ਦੇ ਵਫ਼ਦ ਨੇ ਪੰਜਾਬ ਭਵਨ, ਚੰਡੀਗੜ੍ਹ ਵਿਖੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਕੀਤੀ। ਵਫ਼ਦ 'ਚ ਸ਼ਾਮਿਲ ਜਥੇਬੰਦੀ ਦੇ ਸੂਬਾਈ ਆਗੂਆਂ ਅਮਨ ਸੇਖ਼ਾ, ਸੰਦੀਪ ਗਿੱਲ, ਕੁਲਵੰਤ ਸਿੰਘ ਲੌਂਗੋਵਾਲ ਅਤੇ ਬਲਰਾਜ ਸਿੰਘ ਮੌੜ ਨੇ ਦੱਸਿਆ ਕਿ ਭਾਵੇਂ ਸਿੱਖਿਆ ਮੰਤਰੀ ਨੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ, ਪ੍ਰੰਤੂ ਕਦੋਂ ਤੱਕ ਮੰਨੀਆਂ ਜਾਣਗੀਆਂ, ਇਹ ਕੋਈ ਪੱਕਾ ਸਮਾਂ ਨਹੀਂ ਤੈਅ ਕੀਤਾ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਨੇ ਚੱਲ ਰਹੀ ਅਧਿਆਪਕ ਭਰਤੀ ਦੌਰਾਨ ਕੱਢੀਆਂ ਅਸਾਮੀਆਂ 'ਚ ਵਾਧਾ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ ਹੈ, ਪ੍ਰੰਤੂ ਸਮਾਜਿਕ ਸਿੱਖਿਆ, ਪੰਜਾਬੀ, ਹਿੰਦੀ ਵਿਸ਼ਿਆਂ ਦੀਆਂ ਨਵੀਆਂ ਅਸਾਮੀਆਂ ਜਲਦ ਕੱਢਣ ਦਾ ਭਰੋਸਾ ਜ਼ਰੂਰ ਦਿੱਤਾ ਹੈ।
ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਨਵੀਂ ਭਰਤੀ ਲਈ ਬੀਐੱਡ ਵਿਚੋਂ 55 ਫੀਸਦੀ ਅੰਕਾਂ ਦੀ ਸ਼ਰਤ ਨਾ ਲਾਉਣ ਦਾ ਵੀ ਵਿਸ਼ਵਾਸ ਦਿਵਾਇਆ ਹੈ ਪਰ ਫੇਰ ਵੀ ਖਦਸ਼ਾ ਬਰਕਰਾਰ ਹੈ। ਲੈਕਚਰਾਰ ਦੀ ਭਰਤੀ ਲਈ ਇਤਿਹਾਸ, ਰਾਜਨੀਤੀ ਅਤੇ ਹੋਰਨਾਂ ਵਿਸ਼ਿਆਂ ਦੇ ਨਾਲ-ਨਾਲ ਸਮਾਜਿਕ ਸਿੱਖਿਆ ਵਿਸ਼ੇ ਨੂੰ ਸ਼ਾਮਿਲ ਕਰਨ ਸਬੰਧੀ ਆਗੂਆਂ ਦੀਆਂ ਦਲੀਲਾਂ ਨਾਲ ਸਹਿਮਤੀ ਪ੍ਰਗਟਾਈ।
ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਸਿੱਖਿਆ ਅਤੇ ਸਿਹਤ ਦੇ ਖੇਤਰ 'ਚ ਨਵਾਂ ਇਨਕਲਾਬ ਲੈ ਕੇ ਆਉਣ ਦੇ ਵਾਅਦੇ ਨਾਲ ਸੱਤਾ 'ਚ ਆਈ ਸੀ, ਪ੍ਰੰਤੂ ਫਿਲਹਾਲ ਇਹ ਦਾਅਵਾ ਮਹਿਜ ਜੁਮਲਾ ਹੀ ਸਾਬਿਤ ਹੋ ਰਿਹਾ ਹੈ। ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ, ਤਾਂ ਤਿੱਖੇ ਸੰਘਰਸ਼ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਜਾਣਗੀਆਂ