-13 ਸਤੰਬਰ ਨੂੰ ਠੇਕਾ ਮੁਲਾਜਮ ਮੋਰਚਾ ਵਲੋਂ ਕੀਤੇ ਜਾ ਰਹੇ ਧੂਰੀ ’ਚ ਨੈਸ਼ਨਲ ਹਾਈਵੇਅ ਜਾਮ ’ਚ ਇਲਾਕੇ ਦੇ ਲੋਕਾਂ ਪਾਸੋਂ ਸਮਰਥਨ ਮੰਗਿਆ
ਧੂਰੀ/ਸੰਗਰੂਰ, 7 ਸਤੰਬਰ , ਦੇਸ਼ ਕਲਿੱਕ ਬਿਓਰੋ -
ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਪਲੇਟਫਾਰਮ ਤੋਂ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਹਲਕੇ ਧੂਰੀ ਵਿਚ ਉਲੀਕੇ ਸੰਘਰਸ਼ ਦੇ ਪ੍ਰੋਗਰਾਮ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵਲੋਂ ਅੱਜ ਧੂਰੀ ਹਲਕੇ ਦੇ ਪਿੰਡ ਰੁਲਦੂ ਸਿੰਘ ਵਾਲਾ, ਬੰਗਾਂਵਾਲੀ, ਇਸੀ ਲੁਹਾਰ, ਮਾਜਰਾ, ਖੇੜੀ ਜੱਟਾਂ, ਢਢੋਗਲ ਚੀਮਾ, ਮੀਮਸਾ ਸ਼ੇਰਪੁਰ ਸੋਢੀਆਂ, ਧਾਂਦਰਾ ਬਰੜਵਾਲ ਅਤੇ ਧੂਰੀ ਸ਼ਹਿਰ ਵਿਚ ਝੰਡਾ ਮਾਰਚ ਕੀਤਾ ਗਿਆ ਅਤੇ ਆਮ ਲੋਕਾਂ ਦੀ ਹਿਤੈਸ਼ੀ ਕਹਿਲਾਉਣ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਪ੍ਰਤੀ ਜਾਗਰੂਕ ਕਰਦੇ ਹੋਏ ਵੱਖ ਵੱਖ ਵਿਭਾਗਾਂ ਦੇ ਠੇਕਾ ਮੁਲਾਜਮਾਂ ਵਲੋਂ 13 ਸਤੰਬਰ ਨੂੰ ਇਥੇ ਧੂਰੀ ਹਲਕੇ ਵਿਚ ਅਣਮਿੱਥੇ ਸਮੇਂ ਲਈ ਨੈਸ਼ਨਲ ਹਾਈਵੇ ਜਾਮ ਨੂੰ ਸਹਿਯੋਗ ਕਰਨ ਲਈ ਲਾਮਬੰਦ ਕੀਤਾ ਗਿਆ।
ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ, ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਕੁਤਬੇਵਾਲ ਅਤੇ ਸੂਬਾ ਮੀਤ ਪ੍ਰਧਾਨ ਹਾਕਮ ਸਿੰਘ ਧਨੇਠਾ ਨੇ ਕਿਹਾ ਕਿ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਵੱਖ ਵੱਖ ਵਿਭਾਗਾਂ ਦੇ ਸਮੂਹ ਠੇਕਾ ਮੁਲਾਜਮ ਜੋਕਿ ਪਿਛਲੇ ਲੰਮੇ ਅਰਸੇ ਤੋਂ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੇ ਹਮਲੇ ਦੇ ਵਿਰੁੱਧ, ਪੱਕੇ ਕੰਮ ਖੇਤਰ ਵਿਚ ਪੱਕੇ ਰੁਜਗਾਰ ਦੀ ਪ੍ਰਾਪਤੀ ਲਈ, ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇਣ, ਲੋਕਾਂ ਨੂੰ ਮਿਲਦੀਆਂ ਸਸਤੀਆਂ ਜਿਵੇਂ ਕਿ ਰਾਸ਼ਨ ਵੰਡ ਪ੍ਰਣਾਲੀ, ਵਿੱਦਿਆ, ਸਿਹਤ, ਬਿਜਲੀ, ਪਾਣੀ ਦੀ ਰਾਖੀ ਲਈ ਅਤੇ ਲੋਕਾਂ ਨੂੰ ਮਿਲਦੀਆਂ ਤਿਲ ਫੁਲ ਸਹੂਲਤਾਂ ਨੂੰ ਬਰਕਰਾਰ ਰੱਖਣਾ, ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ (ਆਊਟਸੋਰਸ, ਇੰਨਲਿਸਟਮੈਂਟ, ਕੰਪਨੀਆਂ, ਠੇਕੇਦਾਰਾਂ ਅਤੇ ਸੁਸਾਇਟੀਆਂ) ਸਮੂਹ ਠੇਕਾ ਮੁਲਾਜਮਾਂ ਨੂੰ ਉਨ੍ਹਾਂ ਦੇ ਪਿੱਤਰੀ ਵਿਭਾਗਾਂ ਵਿਚ ਬਿਨਾਂ ਸ਼ਰਤ ਰੈਗੂਲਰ ਕਰਨ ਸਮੇਤ ਮੰਗ-ਪੱਤਰ ਵਿਚ ਦਰਜ ਤਮਾਮ ਮੰਗਾਂ ਦਾ ਹੱਲ ਕਰਵਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ।
ਮੋਰਚਾ ਆਗੂਆਂ ਨੇ ਕਿਹਾ ਕਿ ਸੰਘਰਸ਼ ਦੀ ਇਸ ਲੜੀ ਵਿਚ 13 ਸਤੰਬਰ 2022 ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਹਲਕੇ ਧੂਰੀ ਵਿਚ ਨੈਸ਼ਨਲ ਹਾਈਵੇ ਜਾਮ ਅਣਮਿਥੇ ਸਮੇਂ ਲਈ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਘਰਸ਼ ਦੀ ਸਫਲਤਾ ਲਈ ਇਲਾਕੇ ਦੇ ਲੋਕਾਂ ਪਾਸੋ ਸਮਰਥਨ ਲੈਣ ਲਈ ਅੱਜ ਝੰਡਾ ਮਾਰਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਅਸੀਂ ਠੇਕਾ ਮੁਲਾਜਮ ਸਿਰਫ ਆਪਣੇ ਪੱਕੇ ਰੁਜਗਾਰ ਦੀ ਪ੍ਰਾਪਤੀ ਲਈ ਹੀ ਨਹੀਂ ਲੜ ਰਹੇ ਹਾਂ ਬਲਕਿ ਸੂਬੇ ਦੇ ਸਮੂਹ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਲੜ ਰਹੇ ਹਾਂ ਕਿਉਕਿ ਸੇਵਾ ਦੇ ਅਦਾਰੇ ਜੋਕਿ ਲੋਕਾਂ ਦੀ ਸੇਵਾ ਲਈ ਉਸਾਰੇ ਗਏ ਸਨ ਪਰ ਕੇਂਦਰ ਸਰਕਾਰ ਦੀ ਤਰ੍ਹਾਂ ਹੀ ਮੌਜੂਦਾ ਪੰਜਾਬ ਸਰਕਾਰ ਵੀ ਇਨ੍ਹਾਂ ਸੇਵਾ ਦੇ ਅਦਾਰਿਆਂ ਨੂੰ ਮੁਨਾਫੇ ਦੇ ਅਦਾਰਿਆਂ ਵਿਚ ਤਬਦੀਲ ਕਰ ਚੁੱਕੀ ਹੈ। ਜਿਸਦੇ ਲਈ ਕਾਰਪੋਰੇਟਰਾਂ ਦੀ ਅੰਨੀ ਲੁੱਟ ਕਰਵਾਉਣ ਲਈ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕਰਨ ਜਾ ਰਹੀ ਹੈ। ਜਿਸ ਨਾਲ ਲੋਕਾਂ ਨੂੰ ਤਿਲ-ਫੁਲ ਮਿਲਦੀਆਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ ਅਤੇ ਪੱਕਾ ਰੁਜਗਾਰ ਵੀ ਖੋਹਿਆ ਜਾ ਰਿਹਾ ਹੈ। ਉਨ੍ਹਾਂ ਪਿੰਡਾਂ ਵਿਚ ਲੋਕਾਂ ਨੂੰ ਕਿਹਾ ਕਿ ਅੱਜ ਜੋ ਝੰਡਾ ਮਾਰਚ ਕੀਤਾ ਜਾ ਰਿਹਾ ਹੈ, ਉਹ ਤੁਹਾਡੇ ਵਿਰੋਧ ਵਿਚ ਨਹੀਂ ਹੈ ਜਦਕਿ ਸਮੂਹ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਕੀਤਾ ਜਾ ਰਿਹਾ ਹੈ। 13 ਸਤੰਬਰ ਨੂੰ ਪੰਜਾਬ ਭਰ ਤੋਂ ਧੂਰੀ ਵਿਚ ਨੈਸ਼ਨਲ ਹਾਈਵੇਅ ਜਾਮ ਦੇ ਪ੍ਰੋਗਰਾਮ ਵਿਚ ਸਹਿਯੋਗ ਦੇਣ ਲਈ ਕੀਤਾ ਜਾ ਰਿਹਾ ਹੈ। ਤਾਂ ਜੋ ਉਕਤ ਮੰਗਾਂ ਮਨਵਾਉਣ ਲਈ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ।