ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 4 ਸਤੰਬਰ, 2022: ਨਵੀਂ ਬੇਰੁਜ਼ਗਾਰ ਬੀ.ਐੱਡ. ਟੈੱਟ ਪਾਸ ਬੇਰੁਜ਼ਗਾਰ ਯੂਨੀਅਨ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਜਸਵੰਤ ਘੁਬਾਇਆ, ਮੀਤ-ਪ੍ਰਧਾਨ ਸ਼ਾਇਰਦੀਪ ਰੜ੍ਹ, ਸੂਬਾ ਕਮੇਟੀ ਮੈਂਬਰ ਸੁਖਜੀਤ ਸਿੰਘ ਬੀਰ, ਗੁਰਮੇਲ ਸਿੰਘ ਕੁਲਰੀਆ, ਹਰਜਿੰਦਰ ਕੌਰ ਗੋਲੀ ਅਤੇ ਚਮਕੌਰ ਸਤੌਜ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਆਪ ਦੀ ਮਾਨ ਸਰਕਾਰ ਨੂੰ ਅਪੀਲ ਕੀਤੀ ਸੀ ਕਿ 4161 ਅਸਾਮੀਆਂ ਵਿੱਚ ਸਮਾਜਿਕ, ਹਿੰਦੀ, ਪੰਜਾਬੀ ਦੀਆਂ ਨਿਗੂਣੀਆ ਪੋਸਟਾਂ 'ਚ ਵਾਧਾ ਕੀਤਾ ਜਾਵੇ ਪਰੰਤੂ ਪੰਜਾਬ ਸਰਕਾਰ ਵੱਲੋਂ ਵਾਧੇ ਨੂੰ ਅੱਖੋਂ ਉਹਲੇ ਕੀਤਾ ਗਿਆ ਅਤੇ ਪੇਪਰ ਲੈ ਲਿਆ ਗਿਆ। ਉਨ੍ਹਾਂ ਕਿਹਾ ਲੰਮਾਂ ਸਮਾਂ ਜੱਦੋ-ਜਹਿਦ ਕਰਨ ਉਪਰੰਤ ਪਿਛਲੀ ਸਰਕਾਰ ਨੇ ਸੱਤਾ ਦੇ ਆਖ਼ਰੀ ਦਿਨਾਂ 'ਚ ਬੀ. ਐੱਡ. ਟੈੱਟ ਪਾਸ ਬੇਰੁਜ਼ਗਾਰਾਂ ਲਈ 4161 ਅਸਾਾਮੀਆਂ ਦੀ ਨਾ-ਮਾਤਰ ਜਿਹੀ ਭਰਤੀ ਕੱਢੀ, ਜਦਕਿ ਇਹਨਾਂ ਵਿੱਚ ਤਿੰਨ ਵਿਸ਼ਿਆ ਸਮਾਜਿਕ, ਪੰਜਾਬੀ, ਹਿੰਦੀ ਦੇ ਟੈੱਟ ਪਾਸ ਉਮੀਦਵਾਰਾਂ ਦੀ ਗਿਣਤੀ 50,000 ਦੇ ਕਰੀਬ ਹੈੈਜੋ ਕਿ ਇਸ ਭਰਤੀ ਵਿੱਚ ਪੰਜਾਬੀ, ਹਿੰਦੀ ਅਤੇ ਸਮਾਜਿਕ ਸਿੱਖਿਆ ਦੀਆਂ ਪੋਸਟਾਂ ਦੀ ਗਿਣਤੀ ਇਨ੍ਹਾਂ ਵਿਸ਼ਿਆਂ ਦੇ ਬੇਰੁਜ਼ਗਾਰ ਅਧਿਆਪਕਾਂ ਦੀ ਗਿਣਤੀ ਦੇ ਤੁਲਨਾਤਮਕ ਬਹੁਤ ਨਿਗੁਣੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਤਿੰਨਾਂ ਵਿਸ਼ਿਆਂ ਨਾਲ ਨਿਆਂ ਕਰੇਂ ਕਿਉਂਕਿ ਕਾਫ਼ੀ ਸਾਲਾਂ ਤੋਂ ਇਨ੍ਹਾਂ ਵਿਸ਼ਿਆਂ ਦੇ ਅਧਿਆਪਕਾਂ ਦੀ ਭਰਤੀ ਬਹੁਤ ਹੀ ਘੱਟ ਹੋਈ ਹੈ।
ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਬਹੁਤੇ ਸਕੂਲਾਂ ਵਿਚ ਇਨ੍ਹਾਂ ਵਿਸ਼ਿਆਂ ਦੇ ਅਧਿਆਪਕ ਨਾ ਹੋਣ ਕਾਰਨ ਹਿਸਾਬ, ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਅਧਿਆਪਕਾਂ ਨੂੰ ਇਹ ਵਿਸ਼ੇ ਪੜਾਉਣੇ ਪੈ ਰਹੇ ਹਨ। ਅਜਿਹੀ ਸਥਿਤੀ ਵਿੱਚ ਜਿੱਥੇ ਇਨ੍ਹਾਂ ਅਲੱਗ ਵਿਸ਼ਿਆਂ ਵਾਲੇ ਅਧਿਆਪਕਾਂ ਉੱਤੇ ਬੋਝ ਪਿਆ ਹੈ, ਉੱਥੇ ਹੀ ਇਨ੍ਹਾਂ ਤਿੰਨ ਵਿਸ਼ਿਆਂ ਦੇ ਨਤੀਜੇ ਵੀ ਦੇਖਣ ਯੋਗ ਨਹੀਂ ਹਨ ਕਿਉਂਕਿ ਹਰ ਅਧਿਆਪਕ ਦੀ ਆਪਣੇ ਵਿਸ਼ੇ 'ਚ ਮੁਹਾਰਤ ਹੈ, ਉਹ ਆਪਣੇ ਵਿਸ਼ੇ ਤੋਂ ਛੁੱਟ ਹੋਰ ਵਿਸ਼ਿਆਂ ਨੂੰ ਡੂੰਘਾਈ ਤੱਕ ਨਹੀਂ ਪੜ੍ਹਾ ਸਕਦਾ। ਪਿਛਲੇ ਦਿਨੀਂ ਪੰਜਾਬ ਬੋਰਡ ਦੇ ਦਸਵੀਂ-ਬਾਰਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਨਤੀਜੇ ਇਸ ਗੱਲ ਦੇ ਗਵਾਹ ਹਨ। ਇਨ੍ਹਾਂ ਨਤੀਜਿਆਂ 'ਤੇ ਸਵਾਲੀਆ ਨਿਸ਼ਾਨ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਇਨ੍ਹਾਂ ਵਿਸ਼ਿਆਂ ਦੀਆਂ ਪੋਸਟਾਂ ਦੀ ਗਿਣਤੀ ਵਿਚ ਵਾਧਾ ਕਰੇ ਅਤੇ ਸਿੱਖਿਆਂ ਮੰਤਰੀ ਬੈਂਸ ਜੀ ਆਪਣੇ ਵਾਅਦੇ ਮੁਤਾਬਿਕ ਇੱਕ ਨਵੀਂ ਤੇ ਵਧੀਆਂ ਭਰਤੀ ਦੀ ਗੱਲ ਕਹੀ ਸੀ, ਜਿਸ ਵਿੱਚ ਸਮਾਜਿਕ, ਪੰਜਾਬੀ, ਹਿੰਦੀ ਦੀਆਂ ਅਸਾਮੀਆਂ ਵਧੀਆਂ ਗਿਣਤੀ 'ਚ ਹੋਣਗੀਆ ਨੂੰ ਪੂਰਾ ਕਰਨ ਅਤੇ 4161 ਭਰਤੀ ਜਲਦੀ ਪੂਰੀ ਕਰਨ ਅਤੇ ਸਹੀ ਅਤੇ ਸੋਧੀ ਹੋਈ ਉੱਤਰ ਕੂੰਜੀ ਜਾਰੀ ਕਰਨ ਦੀ ਸਹਿਿਮਤੀਹੋਈ ਸੀ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਜਾਣੇ ਅਣਜਾਣੇ ਵਾਰ-ਵਾਰ ਗਲਤ ਉਁਤਰ ਕੂੰਜੀ ਪਾ ਕੇ ਬੇਰੁਜ਼ਗਾਰਾਂ ਤੋਂ ਪੈਸੇ ਵਟੋਰ ਰਿਹਾ ਅਤੇ ਉਹਨਾਂ ਨਾਲ ਮਜਾਕ ਕਰ ਰਿਹਾ ਹੈ।
ਆਗੂਆਂ ਵੱਲੋਂ ਅਪੀਲ ਦੇ ਨਾਲ-ਨਾਲ ਮਾਨ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੇ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਨੂੰ ਮਜ਼ਬੂਰਨ ਤਿੱਖੇ ਸੰਘਰਸ਼ ਦੀ ਵਿਉਂਤਬੰਦੀ ਕਰਨੀ ਪਵੇਗੀ।
ਸੂਬਾ ਕਮੇਟੀ ਨੇ ਇਹ ਖੁਲਾਸਾ ਵੀ ਕੀਤਾ ਕਿ ਸਾਡੇ ਅਗਲੇ ਸੰਘਰਸ਼ ਲਈ ਬਹੁਤ ਸਾਰੀਆਂ ਭਰਾਰਤੀ ਜਥੇਬੰਦੀਆਂ ਵੱਲੋਂ ਸਾਨੂੰ ਸਪੋਰਟ ਮਿਲ ਰਹੀ ਹੈ ਅਤੇ ਤਕਰੀਬਨ ਸਾਰੇ ਜਿਲਿਆਂ ਚੋਂ ਬੇਰੁਜ਼ਗਾਰ ਵੱਡੀ ਗਿਣਤੀ 'ਚ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਦੀ ਆਰਥਿਕ ਅਤੇ ਮਾਨਸਿਕ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਸ਼ਬਦਾਂ 'ਤੇ ਖਰਾ ਉਤਰਦੇ ਹੋਏ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਵੇ। ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਵੀ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਦੇ ਸਾਹਮਣੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ ਅਤੇ ਸੰਗਰੂਰ ਪਟਿਆਲਾ ਹਾਈਵੇਅ ਜਾਮ ਕੀਤਾ ਗਿਆ ਸੀ।