ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ/ਸੰਗਰੂਰ, 03, ਸਤੰਬਰ, 2022 : ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਨੇ ਮੁੜ ਸੰਘਰਸ਼ ਵਿੱਢਦਿਆਂ 6 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰ ਬੀ.ਐੱਡ. ਟੈੱਟ ਪਾਸ ਅਧਿਆਪਕ ਰੁਜ਼ਗਾਰ ਪ੍ਰਾਪਤ ਕਰਨ ਲਈ ਕਾਂਗਰਸ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਕਾਂਗਰਸ ਸਰਕਾਰ ਵਾਂਗ ਬੇਰੁਜ਼ਗਾਰਾਂ ਨਾਲ ਆਮ ਆਦਮੀ ਪਾਰਟੀ ਨੇ ਵੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੋਟ ਬੈਂਕ ਨੂੰ ਆਪਣੇ ਪੱਖ ਵਿੱਚ ਕਰਨ ਲਈ ਹੋਰ ਵਰਗਾਂ ਵਾਂਗ ਬੇਰੁਜ਼ਗਾਰਾਂ ਨਾਲ ਵੀ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਅਫ਼ਸੋਸ ਸਰਕਾਰ ਬਣਨ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਬੇਰੁਜ਼ਗਾਰਾਂ ਦੀਆਂ ਮੰਗਾਂ ਦਾ ਯੋਗ ਹੱਲ ਕਰਨ ਲਈ ਅਜੇ ਤੱਕ ਕੋਈ ਮੀਟਿੰਗ ਨਹੀਂ ਕੀਤੀ।
ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਮੰਗ ਕੀਤੀ ਕਿ ਚੱਲ ਰਹੀ ਅਧਿਆਪਕ ਭਰਤੀ ਪ੍ਰਕਿਰਿਆ ਦੌਰਾਨ 4161 ਅਸਾਮੀਆਂ 'ਚ ਵਾਧਾ ਕੀਤਾ ਜਾਵੇ, ਨਵੀਂ ਭਰਤੀ ਦੀ ਵੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ, ਗ੍ਰੈਜੂਏਸ਼ਨ ਵਿੱਚੋਂ 55 ਫੀਸਦੀ ਅੰਕਾਂ ਦੀ ਸ਼ਰਤ ਪੱਕੇ ਤੌਰ ਰੱਦ ਕੀਤੀ ਜਾਵੇ, ਲੈਕਚਰਾਰ ਭਰਤੀ ਲਈ ਇਤਿਹਾਸ, ਰਾਜਨੀਤੀ ਸਾਸ਼ਤਰ ਅਤੇ ਹੋਰਨਾਂ ਉਪ-ਵਿਸ਼ਿਆਂ ਦੇ ਨਾਲ-ਨਾਲ ਪਹਿਲਾਂ ਹੋਈਆਂ ਭਰਤੀਆਂ ਅਨੁਸਾਰ ਸਮਾਜਿਕ ਸਿੱਖਿਆ ਦੇ ਉਮੀਦਵਾਰਾਂ ਨੂੰ ਵੀ ਸ਼ਾਮਿਲ ਕਰਨ ਲਈ ਕੌਰੀਜੰਡਮ ਤੁਰੰਤ ਜਾਰੀ ਕੀਤਾ ਜਾਵੇ ਅਤੇ ਹੋਈਆਂ ਮਾਸਟਰ ਕਾਡਰ ਪ੍ਰੀਖਿਆਵਾਂ ਦੀਆਂ ਉੱਤਰ-ਕੁੰਜੀਆਂ ਦਰੁਸਤ ਕੀਤੀਆਂ ਜਾਣ।