ਆਊਟਸੋਰਸ਼ਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਕਰੇ ਸਰਕਾਰ:-ਜਗਸੀਰ ਭੰਗੂ
ਲਹਿਰਾ ਮੁਹੱਬਤ:03 ਸਤੰਬਰ, ਦੇਸ਼ ਕਲਿੱਕ ਬਿਓਰੋ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾਈ ਆਗੂਆਂ ਜਗਰੂਪ ਸਿੰਘ,ਜਗਸੀਰ ਸਿੰਘ ਭੰਗੂ,ਬਾਦਲ ਸਿੰਘ ਭੁੱਲਰ,ਬਲਜਿੰਦਰ ਸਿੰਘ ਮਾਨ ਨੇ ਕਿਹਾ ਕਿ ਸਮੂਹ ਵਿਭਾਗਾਂ ਦੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚੋਣ ਹਲਕੇ ਧੂਰੀ ਵਿੱਚ 07 ਸਤੰਬਰ ਤੋਂ 10 ਸਤੰਬਰ ਤੱਕ ਝੰਡਾ ਮਾਰਚ ਕਰਕੇ ਲੋਕਾਂ ਨੂੰ ਆਪ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਬਾਰੇ ਜਾਗਰੂਕ ਕਰਨਗੇ ਅਤੇ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਪੰਜਾਬ ਸਰਕਾਰ ਵੱਲੋੰ ਬਿਜਲੀ,ਪਾਣੀ,ਸਿਹਤ,ਸਿੱਖਿਆ,ਆਵਾਜਾਈ ਸਮੇਤ ਹੋਰ ਸਮੂਹ ਲੋਕ ਅਦਾਰਿਆਂ ਨੂੰ ਕਿਵੇਂ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਦਿੱਤਾ ਜਾ ਰਿਹਾ ਹੈ । ਸਰਕਾਰ ਵੱਲੋੰ ਲੋਕ-ਸੇਵਾ ਦੇ ਮਕਸਦ ਨਾਲ ਉਸਾਰੇ ਇਹਨਾਂ ਸਰਕਾਰੀ ਅਦਾਰਿਆਂ ਨੂੰ ਮੁਨਾਫ਼ੇ ਕਮਾਉਣ ਦਾ ਸਾਧਨ ਬਣਾਕੇ ਕਾਰਪੋਰੇਟ ਘਰਾਣਿਆਂ ਅਤੇ ਨਿੱਜੀ ਕੰਪਨੀਆਂ ਲਈ ਸਰਕਾਰੀ ਅਦਾਰਿਆਂ ਦੇ ਬੂਹੇ ਲੁੱਟ ਲਈ ਚੌੜ ਚੁਪੱਟ ਖੋਲ੍ਹ ਦਿੱਤੇ ਹਨ । ਨਿੱਜੀਕਰਨ ਦੀ ਨੀਤੀ ਤਹਿਤ ਇਹਨਾਂ ਸਰਕਾਰੀ ਅਦਾਰਿਆਂ ਵਿੱਚ ਆਊਟਸੋਰਸ਼ਡ ਮੁਲਾਜ਼ਮ ਭਰਤੀ ਕਰਕੇ ਉਕਤ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚੋਂ 18% ਜੀ.ਐੱਸ.ਟੀ., 16% ਕੰਪਨੀਆਂ ਦਾ ਮੁਨਾਫ਼ਾ ਅਤੇ 2.5% ਤੋਂ 8% ਤੱਕ ਸਰਵਿਸ ਚਾਰਜ ਦੇ ਰੂਪ ਵਿੱਚ ਠੇਕਾ ਮੁਲਾਜ਼ਮਾਂ ਦੀ ਕਿਰਤ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਸਰਕਾਰ ਘੱਟੋ-ਘੱਟ ਉਜਰਤ ਦੇ ਕਾਨੂੰਨ 1948 ਮੁਤਾਬਿਕ ਠੇਕਾ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਤੋਂ ਵੀ ਭੱਜ ਰਹੀ ਹੈ ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਪੰਜਾਬ ਸਰਕਾਰ ਦਾ ਲੋਕ ਵਿਰੋਧੀ ਧੰਦਾ ਸਿਰਫ਼ ਇੱਥੋਂ ਤੱਕ ਹੀ ਸੀਮਤ ਨਹੀਂ ਹੈ ਸਗੋਂ ਆਊਟਸੋਰਸਡ/ਇਨਲਿਸਟਮੈਟ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਬਿਜਾਏ ਵਿਭਾਗਾਂ ਵਿੱਚ ਬਾਹਰੋਂ ਸਿੱਧੀ ਭਰਤੀ ਕਰਕੇ ਪਿਛਲੇ ਲੰਬੇ ਅਰਸੇ ਤੋਂ ਵਿਭਾਗਾਂ ਵਿੱਚ ਸੇਵਾਵਾਂ ਦਿੰਦੇ ਆ ਰਹੇ ਆਊਟਸੋਰਸਡ/ਇਨਲਿਸਟਮੈਟ ਠੇਕਾ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾ ਰਹੀ ਹੈ ਅਤੇ ਠੇਕਾ ਮੁਲਾਜ਼ਮਾਂ ਵੱਲੋੰ ਵਿਭਾਗਾਂ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਲੈਕੇ ਕੀਤੇ ਪੁਰ-ਅਮਨ ਸੰਘਰਸ਼ਾਂ ਉਪਰੰਤ ਪੰਜਾਬ ਸਰਕਾਰ ਵੱਲੋੰ ਠੇਕਾ ਮੁਲਾਜ਼ਮ ਆਗੂਆਂ ਨਾਲ ਲਿਖਤੀ ਮੀਟਿੰਗਾਂ ਦਾ ਸਮਾਂ ਦੇਕੇ ਮੀਟਿੰਗਾਂ ਨਾ ਕਰਨ ਦਾ ਅਮਲ ਵਾਰ-ਵਾਰ ਦੁਹਰਾਇਆ ਜਾ ਰਿਹਾ ਹੈ,ਇਸ ਹਾਲਤ ਵਿੱਚ ਠੇਕਾ ਮੁਲਾਜ਼ਮਾਂ ਕੋਲ ਸੰਘਰਸ਼ ਤੋਂ ਬਿਨਾਂ ਹੋਰ ਕੋਈ ਦੂਸਰਾ ਰਾਹ ਨਹੀਂ ਹੈ,ਜੇਕਰ ਪੰਜਾਬ ਸਰਕਾਰ ਨੇ ਇਹਨਾਂ ਸੰਘਰਸ਼ ਸੱਦਿਆਂ ਉਪਰੰਤ ਵੀ ਗੱਲਬਾਤ ਦਾ ਰਾਹ ਇਖਤਿਆਰ ਨਾ ਕੀਤਾ ਤਾਂ ਸਮੂਹ ਅਦਾਰਿਆਂ ਦੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮ "ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ)" ਦੇ ਬੈਨਰ ਹੇਠ 13 ਸਤੰਬਰ ਨੂੰ ਧੂਰੀ ਵਿਖੇ ਪਰਿਵਾਰਾਂ ਸਮੇਤ ਨੈਸ਼ਨਲ-ਹਾਈਵੇ ਨੂੰ ਜਾਮ ਕਰਨ ਲਈ ਮਜਬੂਰ ਹੋਣਗੇ,ਜਿਸਦੀ ਜੁੰਮੇਵਾਰ ਪੰਜਾਬ ਸਰਕਾਰ ਹੋਵੇਗੀ!