\
ਤਨਖਾਹਾਂ ਦੀ ਅਦਾਇਗੀ ਨਾ ਹੋਣ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਮਨਿਸਟੀਰੀਅਲ ਮੁਲਾਜ਼ਮ: ਆਗੂ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 2 ਸਤੰਬਰ, 2022: ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਜਿਲਾ ਪ੍ਰਧਾਨ ਰਾਕੇਸ਼ ਸ਼ਰਮਾ, ਜਿਲਾ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਆਸ਼ੀਸ਼ ਫੁੱਲ ਕਾਰਜਕਾਰੀ ਮੈਂਬਰ, ਰੌਬਿਨ ਸ਼ਰਮਾ ਕਾਰਜਕਾਰੀ ਮੈਂਬਰ ਦੇ ਵਫ਼ਦ ਅੱਜ ਖਜ਼ਾਨਾ ਦਫ਼ਤਰ ਸੰਗਰੂਰ ਵਿਖੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਨੂੰ ਮੁਲਾਜਮਾਂ ਦੀਆਂ ਤਨਖਾਹਾਂ ਰਲੀਜ ਕਰਨ ਲਈ ਮਿਲਿਆ।
ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਮੌਜੂਦਾ ਸਰਕਾਰ ਜਿਸ ਤੋਂ ਸਮੁੱਚੇ ਮੁਲਾਜਮ ਵਰਗ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋਣ, ਮਹਿੰਗਾਈ ਭੱਤਿਆਂ ਦੀਆਂ ਰੁਕੀਆਂ ਕਿਸ਼ਤਾਂ ਦੀ ਅਦਾਇਗੀ ਹੋਣ, ਨਵੀਂ ਭਰਤੀ ਤੇ ਲਾਗੂ 3 ਸਾਲ ਪਰੋਬੇਸ਼ਨ ਪੀਰੀਅਡ ਖਤਮ ਕਰਨ ਅਤੇ ਬਾਕੀ ਮੰਗਾਂ ਦੀ ਪੂਰਤੀ ਦੀ ਉਮੀਦ ਸੀ, ਉਹ ਸਰਕਾਰ ਅੱਜ ਸੱਚਾ ਵਿੱਚ ਆਉਣ ਤੇ ਮੁਲਾਜਮਾਂ ਦੀਆਂ ਤਨਖਾਹਾਂ ਉੱਪਰ ਸਮੂਹ ਖਜਾਨਾ ਦਫਤਰਾਂ ਨੂੰ ਜੁਬਾਨੀ ਹੁਕਮ ਕਰਕੇ ਰੋਕ ਲਗਾ ਰਹੀ ਹੈ।
ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ ਤੇ ਜਿਲਾ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ ਨੇ ਕਿਹਾ ਕਿ ਖਜਾਨਾ ਅਫਸਰ ਸੰਗਰੂਰ ਨਾਲ ਜਥੇਬੰਦੀ ਦੇ ਆਗੂਆਂ ਵੱਲੋਂ ਮੀਟਿੰਗ ਕਰਕੇ ਮੁਲਾਜਮਾਂ ਦੀਆਂ ਰੋਕੀਆਂ ਤਨਖਾਹਾਂ ਤੁਰੰਤ ਰਲੀਜ ਕਰਨ ਲਈ ਕਿਹਾ ਗਿਆ ਹੈ, ਜਿਲਾ ਖਜਾਨਾ ਅਫਸਰ ਸੰਗਰੂਰ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਸਰਕਾਰ ਨਾਲ ਗੱਲ ਕਰਕੇ ਤਨਖਾਹਾਂ ਰਲੀਜ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਥੇਬੰਦੀ ਵੱਲੋਂ ਕੀਤੇ ਐਲਾਨ ਬਾਰੇ ਸਰਕਾਰ ਨੂੰ ਜਾਣੂੰ ਕਰਵਾ ਦਿੱਤਾ ਗਿਆ ਹੈ।
ਆਗੂਆਂ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਅਗਰ ਵਿੱਤੀ ਹਾਲਾਤਾਂ ਨਾਲ ਜੂਝ ਰਹੀ ਹੈ ਤਾਂ ਹਰ ਮਹੀਨੇ 25 ਤਰੀਕ ਤੱਕ ਮੁਲਾਜਮਾਂ ਦੀਆਂ ਤਨਖਾਹਾਂ ਦੇਣ ਯੋਗ ਫੰਡਾਂ ਦਾ ਪ੍ਰਬੰਧ ਪਹਿਲਾਂ ਹੀ ਕਰਨਾ ਚਾਹੀਦਾ ਹੈ, ਕਿਉਂਕਿ ਇਸ ਮਹਿੰਗਾਈ ਦੇ ਯੁੱਗ ਵਿੱਚ ਮੁਲਾਜਮਾਂ ਦੀ ਤਨਖਾਹ ਲੇਟ ਹੋਣ ਕਾਰਨ ਸਮੂਹ ਮੁਲਾਜਮ ਵਰਗ ਨੂੰ ਬਹੁਤ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਮਨਿਸਟੀਰੀਅਲ ਜਥੇਬੰਦੀ ਮੁਲਾਜਮਾਂ ਦਾ ਸ਼ੋਸ਼ਨ ਨਹੀਂ ਹੋਣ ਦੇਵੇਗੀ ਅਤੇ ਅਗਰ ਮੁਲਾਜਮਾਂ ਨੂੰ ਤਨਖਾਹ ਸਮੇਂ ਸਿਰ ਨਹੀਂ ਮਿਲਦੀ ਹੈ ਤਾਂ ਸੂਬਾ ਕਮੇਟੀ ਵੱਲੋਂ ਸੋਮਵਾਰ ਤੋਂ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਨੇ ਕਿਹਾ ਕਿ ਅਗਰ ਅੱਜ ਸ਼ਾਮ ਤੱਕ ਮੁਲਾਜਮਾਂ ਦੀਆਂ ਤਨਖ਼ਾਹਾਂ ਰਲੀਜ਼ ਨਾ ਹੋਈਆਂ ਤਾਂ ਮਨਿਸਟੀਰੀਅਲ ਕਾਡਰ ਸੋਮਵਾਰ ਤੋਂ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।