ਮੋਰਿੰਡਾ 2 ਸਤੰਬਰ ( ਭਟੋਆ)
ਸਰਕਾਰੀ ਸਕੂਲਜ਼ ਗਜ਼ਟਿਡ ਆਫੀਸਰਜ਼ ਐਸੋਸੀਏਸ਼ਨ ਪੰਜਾਬ ਅਤੇ ਸੀਨੀਅਰ ਵੋਕੇਸ਼ਨਲ ਸਟਾਫ਼ ਐਸੋਸੀਏਸ਼ਨ ਪੰਜਾਬ ਦੇ ਰਾਜ ਸਰਕਾਰ ਵੱਲੋਂ ਵੋਕੇਸ਼ਨਲ ਸਟਾਫ ਦੀਆਂ ਮੰਗਾਂ ਪ੍ਰਤੀ ਧਾਰਨ ਕੀਤੀ ਸਾਜਸ਼ੀ ਚੁੱਪੀ ਵਿਰੁੱਧ 05 ਸਤੰਬਰ ਨੂੰ ਅਧਿਆਪਕ ਦਿਵਸ ਤੇ ਰੋਪੜ ਵਿਖੇ ਕੀਤੇ ਜਾਣ ਵਾਲੇ ਵਿਸ਼ਾਲ ਰੋਸ ਮੁਜ਼ਾਹਰਾ ਸਬੰਧੀ 4 ਸਤੰਬਰ ਐਤਵਾਰ ਨੂੰ ਦੋਹਾਂ ਕੇਡਰਾਂ ਦੀ ਕੋਰ ਕਮੇਟੀ ਦੀ ਸਾਂਝੀ ਮੀਟਿੰਗ ਸੂਬਾ ਪ੍ਰਧਾਨ ਸ: ਤੀਰਥ ਸਿੰਘ ਭਟੋਆ ਦੀ ਪ੍ਰਧਾਨਗੀ ਹੇਠਾਂ ਸੱਦੀ ਗਈ ਹੈ।
ਇਸ ਸਬੰਧੀ ਇੱਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ ਅਵਤਾਰ ਸਿੰਘ ਅਤੇ ਪ੍ਰੈੱਸ ਸਕੱਤਰ ਸ: ਹਰਿੰਦਰ ਸਿੰਘ ਹੀਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੋਕੇਸ਼ਨਲ ਕੇਡਰ ਦੇ ਮਾਸਟਰਾਂ ਅਤੇ ਅਧਿਕਾਰੀਆਂ ਨਾਲ ਮਤਰੇਈ ਮਾਂ ਵਾਲਾ ਵਿਹਾਰ ਕਰ ਰਹੀ ਹੈ । ਇਨ੍ਹਾਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੋਕੇਸ਼ਨਲ ਕੇਡਰ ਦੇ ਰਿਵਰਟ ਕੀਤੇ ਜੂਨੀਅਰ ਅਧਿਕਾਰੀ ਅਫਸਰੀਆਂ ਦਾ ਆਨੰਦ ਲੈ ਰਹੇ ਹਨ ਜਦਕਿ ਸੀਨੀਅਰ ਵੋਕੇਸ਼ਨਲ ਮਾਸਟਰ, ਜੋ ਇਨ੍ਹਾਂ ਤਰੱਕੀਆਂ ਦੇ ਹੱਕਦਾਰ ਹਨ, ਉਹ ਤਰੱਕੀ ਨੂੰ ਉਡੀਕਦਿਆਂ ਉਡੀਕਦਿਆਂ ਹੀ ਸੇਵਾਮੁਕਤ ਹੋ ਰਹੇ ਹਨ, ਪ੍ਰੰਤੂ ਪੰਜਾਬ ਸਰਕਾਰ 2016 ਵਿੱਚ ਜਾਰੀ ਕੀਤੇ ਰਿਵਰਸ਼ਨ ਹੁਕਮਾਂ ਨੂੰ ਬਿਨਾਂ ਕਿਸੇ ਅਦਾਲਤੀ ਸਟੇਅ ਤੂੰ ਲਾਗੂ ਕਰਨ ਤੋਂ ਪਾਸਾ ਵੱਟ ਰਹੀ ਹੈ । ਇਨ੍ਹਾਂ ਆਗੂਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਪੰਜਾਬ ਦੇ ਸਾਰੇ ਵੋਕੇਸ਼ਨਲ ਮਾਸਟਰਾਂ ਨੂੰ 5400 ਗ੍ਰੇਡ ਪੇਅ ਦੇਣ ਸਬੰਧੀ ਅਦਾਲਤੀ ਕੇਸ ਜਿੱਤਣ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੱਤਰ ਜਾਰੀ ਨਹੀਂ ਕੀਤਾ ਜਾ ਰਿਹਾ । ਜਿਸ ਕਾਰਨ ਦੋਨੋਂ ਜਥੇਬੰਦੀਆਂ ਵੱਲੋਂ 5 ਸਤੰਬਰ ਦਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਜਿਸ ਦੀ ਰਣਨੀਤੀ 4 ਸਤੰਬਰ ਦੀ ਮੀਟਿੰਗ ਵਿੱਚ ਤੈਅ ਕੀਤੀ ਜਾਵੇਗੀ ।