ਭਰਤੀ ਪ੍ਰਕਿਰਿਆ ਕੋਰਟ ਕੇਸਾਂ 'ਚ ਉਲਝਣ ਦਾ ਖ਼ਦਸ਼ਾ; ਬੇਰੁਜ਼ਗਾਰ ਅਧਿਆਪਕ ਨਿਰਾਸ਼ਾ ਦੇ ਆਲਮ 'ਚ
ਪ੍ਰੀਖਿਆਵਾਂ ਦੀ ਉੱਤਰ-ਕੁੰਜੀ ਉੱਤੇ ਇਤਰਾਜ਼ਾਂ ਦੀ ਆੜ੍ਹ ਵਿੱਚ ਲੁੱਟ: ਸੁਖਵਿੰਦਰ ਢਿੱਲਵਾਂ
ਦਿੱਲੀ ਤੋਂ ਬਦਲਾਅ ਆਇਆ !!!! ਅਖੇ ਪੇਪਰ ਦਿੱਲੀ ਤੋਂ ਬਣਿਆ ????
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ/ਸੰਗਰੂਰ, 28 ਅਗਸਤ, 2022: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਭਰਤੀ ਲਈ 21 ਅਗਸਤ ਨੂੰ ਲਈ ਗਈ ਪ੍ਰੀਖਿਆ ਦੀ ਉੱਤਰ-ਕੁੰਜੀ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਪ੍ਰੰਤੂ ਵਿਭਾਗ ਵੱਲੋਂ ਦਿੱਤੇ ਉੱਤਰਾਂ ਤੋਂ ਬਹੁਤੇ ਉਮੀਦਵਾਰ ਸੰਤੁਸ਼ਟ ਨਹੀਂ ਜਾਪਦੇ, ਉਮੀਦਵਾਰਾਂ ਦਾ ਕਹਿਣਾ ਹੈ ਕਿ ਇਹ ਖ਼ਦਸ਼ਾ ਹੈ ਕਿ ਅਜਿਹਾ ਜਾਣਬੁੱਝ ਕੇ ਕੀਤਾ ਗਿਆ ਜਾਪਦਾ ਹੈ, ਕਿਉਂਕਿ ਸਹੀ ਉੱਤਰਾਂ ਦਾ ਵਿਵਾਦ ਖੜ੍ਹਾ ਹੋਣ 'ਤੇ ਮਸਲਾ ਮਾਣਯੋਗ ਹਾਈਕੋਰਟ ਵੱਲ ਜਾ ਸਕਦਾ ਹੈ ਅਤੇ ਭਰਤੀ ਪ੍ਰਕਿਰਿਆ ਲਟਕ ਸਕਦੀ ਹੈ।
ਦੱਸਣਯੋਗ ਹੈ ਕਿ ਪੰਜਾਬੀ ਦੀਆਂ 534 ਅਤੇ ਸਮਾਜਿਕ ਸਿੱਖਿਆ ਦੀਆਂ 633 ਪੋਸਟਾਂ ਲਈ ਹੋਏ ਪੇਪਰਾਂ ਸੰਬੰਧੀ 24 ਅਗਸਤ ਨੂੰ ਸਿੱਖਿਆ ਵਿਭਾਗ ਦੇ ਭਰਤੀ ਬੋਰਡ ਦੀ ਸਾਈਟ ਉੱਤੇ ਉੱਤਰਾਂ ਦੀ ਸੂਚੀ ਪਾ ਕੇ ਇਤਰਾਜ਼ ਮੰਗੇ ਗਏ ਹਨ। ਸਿੱਖਿਆ ਵਿਭਾਗ ਵੱਲੋਂ ਇਸ ਉੱਤਰ ਸੂਚੀ ਵਿਚ ਗ਼ਲਤੀਆਂ ਦੀ ਭਰਮਾਰ ਕਰਦਿਆਂ ਕਈ ਸਵਾਲਾਂ ਦੇ ਗ਼ਲਤ ਜਵਾਬਾਂ ਨੂੰ ਸਹੀ ਵਿਖਾ ਦਿੱਤਾ ਗਿਆ ਹੈ।
ਦੇਖੋ ਦਿੱਲੀ ਤੋ ਬਦਲਾਅ ਆਇਆ !!!! ਅਖੇ ਪੇਪਰ ਦਿੱਲੀ ਤੋਂ ਬਣਿਆ????
ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬੀ ਮਾਸਟਰ ਕਾਡਰ ਦੇ ਪੇਪਰ 'ਚ ਜੋ ਗਲਤੀਆਂ ਸ਼ਾਇਦ ਪੰਜਵੀਂ ਪਾਸ ਵਿਦਿਆਰਥੀ ਵੀ ਕੱਢ ਦੇਣ ਪਰ ਅਧਿਆਪਕਾਂ ਦੀ ਮਿਹਨਤ ਨੂੰ ਪਰਖਣ ਵਾਲਿਆਂ ਨੂੰ ਡੱਕਾ ਨੀ ਆਉਂਦਾ। ਉਨ੍ਹਾਂ ਕਿਹਾ ਕਿ ਜਿਹੜੀ ਸੰਸਥਾ ਨੂੰ ਪੰਜਾਬੀ ਦੀਆਂ ਕੁੱਲ ਧੁਨੀਆਂ ਤੇ ਸਵਰ ਵਾਹਕ ਦਾ ਨਹੀਂ ਪਤਾ ਅਤੇ ਛਪਾਰ ਦਾ ਮੇਲਾ ਬਾਲਕ ਨਾਥ ਦਾ ਕਹਿ ਕੇ ਲਗਾ ਰਹੇ ਹਨ, ਉਸ ਤੋਂ ਚੰਗੇ ਪੇਪਰ ਦੀਆਂ ਉਮੀਦਾਂ ਰੱਖਣਾ ਫਜੂਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹੁਣ 50 ਰੁਪਏ ਪ੍ਰਤੀ ਇਤਰਾਜ਼ ਮੰਗ ਕੇ ਬੇਰੁਜ਼ਗਾਰ ਅਧਿਆਪਕਾਂ ਦੀ ਲੁੱਟ ਕਰ ਰਹੀ ਹੈ।
ਸ਼੍ਰੀ ਸੁਖਵਿੰਦਰ ਸਿੰਘ ਢਿੱਲਵਾਂ ਦੱਸਿਆ ਕਿ ਪੰਜਾਬੀ ਮਾਸਟਰ ਕਾਡਰ ਦੀ ਪ੍ਰੀਖਿਆ ਦੇ ਸੈੱਟ-ਡੀ ਦੇ 42 ਨੰ: ਪ੍ਰਸ਼ਨ: 'ਬੁਝਾਰਤ 'ਤੋਂ ਕੀ ਭਾਵ ਹੈ?' ਦਾ ਜਵਾਬ 'ਆਂਚਲਿਕਤਾ ਦੇ ਅੰਸ਼' ਨੂੰ ਦੱਸਿਆ ਗਿਆ ਹੈ, ਜਦਕਿ ਇਸ ਦਾ ਸਹੀ ਜਵਾਬ 'ਗੁੰਝਲ ਜਾਂ ਅੜਾਉਣੀ' ਹੈ। ਇਸੇ ਤਰ੍ਹਾਂ ਪ੍ਰਸ਼ਨ ਨੰ: 65. ਵਿੱਚ ਸੰਘੋਸ਼ ਅਲਪ੍ਰਾਣ ਵਿਅੰਜਨ ਦਾ ਜਵਾਬ ਪ, ਤ, ਟ ਦੱਸਿਆ ਗਿਆ ਹੈ ਜਦਕਿ ਬ, ਦ, ਡ ਸਹੀ ਜਵਾਬ ਹੈ। ਪ੍ਰਸ਼ਨ ਨੰ: 72 ਵਿੱਚ ਵਰਤਮਾਨ ਪੰਜਾਬੀ ਵਰਣਮਾਲਾ ਵਿੱਚ ਫਾਰਸੀ ਦੀਆਂ ਧੁਨੀਆਂ ਨੂੰ ਮਿਲਾ ਕੇ ਪੁੱਛੀ ਗਈ ਅੱਖਰਾਂ ਦੀ ਕੁੱਲ ਗਿਣਤੀ ਨੂੰ ਉੱਤਰ ਸੂਚੀ ਵਿੱਚ 41 ਦੀ ਥਾਂ 35 ਦੱਸਿਆ ਗਿਆ ਹੈ। ਇਸੇ ਤਰ੍ਹਾਂ ਪ੍ਰਸ਼ਨ ਨੰ: 100 ਵਿੱਚ ਪੰਜਾਬੀ ਭਾਸ਼ਾ ਦੇ ਸਵਰ ਵਾਹਕਾਂ ਦੀ ਗਿਣਤੀ ਨੂੰ ਤਿੰਨ ਦੀ ਥਾਂ ਪੰਜ ਦੱਸਿਆ ਗਿਆ ਹੈ। ਇੱਕ ਹੋਰ ਵੱਡੀ ਗਲਤੀ ਵੇਖੋ ਜਿਲ੍ਹਾ ਲੁਧਿਆਣਾ ਵਿੱਚ ਛਪਾਰ ਵਿਖੇ ਗੁੱਗਾ ਪੀਰ ਦਾ ਮੇਲਾ ਨੂੰ ਬਾਲਕ ਨਾਥ ਦਾ ਮੇਲਾ ਕਿਹਾ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਸੂਚੀ ਵਿੱਚ ਗ਼ਲਤ ਦਰਜ ਕੀਤੇ ਹੋਏ ਹਨ ਅਤੇ ਦਰਜਨਾਂ ਸਵਾਲਾਂ ਦੇ ਜਵਾਬ ਦੂਹਰੇ ਜਾਂ ਦੁਬਿਧਾ ਜਨਕ ਹਨ।
ਸ਼੍ਰੀ ਸੁਖਵਿੰਦਰ ਸਿੰਘ ਢਿੱਲਵਾਂ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਮਾਜਿਕ ਸਿੱਖਿਆ ਦਾ ਪੇਪਰ ਵੀ ਇਕਸਾਰ ਪੱਧਰ ਦਾ ਨਹੀਂ ਸੀ। ਇਤਿਹਾਸ ਅਤੇ ਰਾਜਨੀਤੀ ਸਾਸ਼ਤਰ ਦੇ ਸਵਾਲ ਬਹੁਤੇ ਔਖੇ ਸਨ ਜੋ ਕਿ ਮਾਸਟਰ ਕੇਡਰ ਪੱਧਰ ਤੋ ਬਹੁਤ ਉੱਤੇ ਸਨ, ਅੰਗਰੇਜ਼ੀ ਦਾ ਅਨੁਵਾਦ ਵੀ ਠੀਕ ਨਹੀਂ ਸੀ। ਪੰਜਾਬ ਦੇ ਇਤਿਹਾਸ 'ਚੋਂ ਨਾ-ਮਾਤਰ ਸਵਾਲ ਪੁੱਛੇ ਗਏ ਸਨ। ਇਸੇ ਤਰ੍ਹਾਂ ਸਮਾਜਿਕ ਸਿੱਖਿਆ ਦੇ ਪੇਪਰ ਲਈ ਪਾਈ ਉੱਤਰਾਂ ਦੀ ਸੂਚੀ ਵਿੱਚ ਵੀ ਗਲਤੀਆਂ ਦੀ ਭਰਮਾਰ ਹੈ। ਭਰਤੀ ਪ੍ਰੀਖਿਆਵਾਂ ਵਿੱਚ ਪਾਏ ਕੁੱਝ ਪ੍ਰਸ਼ਨਾਂ ਦੇ ਸਹੀ ਜਵਾਬ ਇਕ ਤੋਂ ਵਧੇਰੇ ਜਾਂ ਦਿੱਤੀਆਂ ਆਪਸ਼ਨਾਂ ਵਿੱਚੋਂ ਨਹੀਂ ਹਨ। ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸਿੱਖਿਆ ਵਿਭਾਗ ਦਾ ਅਸਲ ਨਿਸ਼ਾਨਾ ਗ਼ਲਤ ਉੱਤਰ ਸੂਚੀਆਂ ਪਾ ਕੇ ਬੇਰੁਜ਼ਗਾਰਾਂ ਦੀ ਹੋਰ ਲੁੱਟ ਕਰਨਾ ਹੈ। ਇਸ ਸੰਬੰਧੀ ਪ੍ਰਸਿੱਧ ਪੰਜਾਬੀ ਵਿਦਵਾਨ ਸਾਹਿਤਕਾਰ ਡਾਕਟਰ ਰਾਜਿੰਦਰ ਪਾਲ ਸਿੰਘ ਬਰਾੜ ਨੇ ਵੀ ਅਜਿਹੇ ਹੀ ਤਰਕ ਦਿੱਤੇ ਸਨ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਬੇਰੁਜ਼ਗਾਰਾਂ ਨੂੰ ਮਾਨਸਿਕ ਤੌਰ ਤੇ ਖੱਜਲ ਖੁਆਰ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਹੈ ਕੋਈ ਪੰਜਾਬ ਦਾ ਐੱਮ. ਪੀ./ਐੱਮ. ਐੱਲ. ਏ./ਪੰਜਾਬੀ ਭਾਸ਼ਾ ਮਾਹਿਰ ਜੋ ਇਸ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਸਵਾਲ ਪੁੱਛ ਸਕੇ?
ਦੱਸਣਯੋਗ ਹੈ ਕਿ ਕਾਂਗਰਸ ਸਰਕਾਰ ਵੱਲੋਂ 8 ਜਨਵਰੀ 2022 ਨੂੰ ਚੋਣ ਜਾਬਤ ਲੱਗਣ ਤੋਂ ਕੁਝ ਮਿੰਟ ਪਹਿਲਾਂ ਮਾਸਟਰ ਕੇਡਰ ਦੀਆਂ 4161 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਬੇਰੁਜ਼ਗਾਰਾਂ ਵੱਲੋ ਦਰਜਨਾਂ ਵਾਰ ਮੁੱਖ ਮੰਤਰੀ ਦੀ ਕੋਠੀ ਅੱਗੇ ਲਾਠੀਚਾਰਜ਼ ਝੱਲ ਕੇ ਲਿਖਤੀ ਪ੍ਰੀਖਿਆ ਨਿਸ਼ਚਿਤ ਕਰਵਾਈ ਸੀ, ਹੁਣ ਵੱਡੀ ਗਿਣਤੀ ਬੇਰੁਜ਼ਗਾਰ ਉਕਤ ਪੇਪਰਾਂ ਨੂੰ ਰੱਦ ਕਰਕੇ ਦੋਬਾਰਾ ਲੈਣ ਦੀ ਮੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1158 ਕਾਲਜ ਪ੍ਰੋਫੈਸਰਾਂ ਦੀ ਭਰਤੀ ਰੱਦ ਹੋ ਗਈ ਸੀ। ਇਸ ਕਰਕੇ ਬੇਰੁਜ਼ਗਾਰ ਡੂੰਘੀ ਚਿੰਤਾ ਦੇ ਆਲਮ 'ਚ ਹਨ।
ਜ਼ਿਕਰਯੋਗ ਹੈ ਕਿ 21 ਅਗਸਤ ਤੋਂ ਜਾਰੀ ਮਾਸਟਰ ਕੇਡਰ ਦੀ ਭਰਤੀ ਲਈ ਵੱਖ-ਵੱਖ ਵਿਸ਼ਿਆਂ ਦੀਆਂ ਪ੍ਰੀਖਿਆਵਾਂ 18 ਸਤੰਬਰ ਤੱਕ ਹਰੇਕ ਐਤਵਾਰ ਚੰਡੀਗੜ੍ਹ ਵਿਖੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿਚ ਲਈਆਂ ਜਾ ਰਹੀਆਂ ਹਨ।