ਵਿਧਾਇਕ ਦਲੀਪ ਪਾਂਡੇ ਨੇ ਕਿਹਾ ਕਿ ਬੀਤੀ ਸ਼ਾਮ ਤੋਂ ਕੁਝ ਵਿਧਾਇਕਾਂ ਨਾਲ ਸੰਪਰਕ ਨਹੀਂ ਹੋ ਰਿਹਾ
ਨਵੀਂ ਦਿੱਲੀ,25 ਅਗਸਤ,ਦੇਸ਼ ਕਲਿਕ ਬਿਊਰੋ:
ਦਿੱਲੀ 'ਚ ਭਾਜਪਾ ‘ਤੇ ਵਿਧਾਇਕ ਖ਼ਰੀਦਣ ਦੇ ਸਵਾਲ ਚੁੱਕਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਦੀ ਮੀਟਿੰਗ ਮੁੱਖ ਮੰਤਰੀ ਨਿਵਾਸ 'ਤੇ ਸ਼ੁਰੂ ਹੋ ਗਈ ਹੈ। ਸੂਤਰਾਂ ਮੁਤਾਬਕ ਇਸ ਮੀਟਿੰਗ ਵਿੱਚ ਕਈ ਵਿਧਾਇਕ ਨਹੀਂ ਪੁੱਜੇ ਹਨ। ਪਾਰਟੀ ਹਾਈਕਮਾਂਡ ਦਾ ਵੀ ਉਨ੍ਹਾਂ ਵਿਧਾਇਕਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ।'ਆਪ' ਵਿਧਾਇਕ ਦਲੀਪ ਪਾਂਡੇ ਨੇ ਮੀਡੀਆ ਨੂੰ ਦੱਸਿਆ ਕਿ ਬੀਤੀ ਸ਼ਾਮ ਤੋਂ ਕੁਝ ਵਿਧਾਇਕਾਂ ਨਾਲ ਸੰਪਰਕ ਨਹੀਂ ਹੋ ਰਿਹਾ ਹੈ। ਅਸੀਂ ਲਗਾਤਾਰ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਲਦੀ ਹੀ ਸਾਰੇ ਵਿਧਾਇਕ ਮੀਟਿੰਗ ਵਿੱਚ ਪਹੁੰਚਣਗੇ।ਉਨ੍ਹਾਂ ਕਿਹਾ ਕਿ ਭਾਜਪਾ ਸਾਡੇ 40 ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ ਸੀ। ‘ਆਪ’ ਆਗੂ ਸੰਜੇ ਸਿੰਘ ਨੇ ਕਿਹਾ ਸੀ ਕਿ ਅਸੀਂ ਆਪਰੇਸ਼ਨ ਲੋਟਸ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਧਾਇਕਾਂ ਨੂੰ ਭਾਜਪਾ ਵੱਲੋਂ ਪੇਸ਼ਕਸ਼ ਕੀਤੀ ਗਈ। ਆਫਰ ਇਹ ਸੀ ਕਿ ਜੇਕਰ ਤੁਸੀਂ 'ਆਪ' ਛੱਡੋਗੇ ਤਾਂ 20 ਕਰੋੜ ਦਿਆਂਗੇ ਅਤੇ ਹੋਰਾਂ ਨੂੰ ਨਾਲ ਲਿਆਓਗੇ ਤਾਂ 25 ਕਰੋੜ ਦਿਆਂਗੇ।