ਕਿਹਾ ਕਿ 'ਆਪ' ਦੇ ਚਾਰ ਵਿਧਾਇਕਾਂ ਨੂੰ ਤੋੜਨ ਲਈ 20 ਕਰੋੜ ਰੁਪਏ ਦੇਣ ਦੀ ਕੀਤੀ ਪੇਸ਼ਕਸ਼
CM ਕੇਜਰੀਵਾਲ ਨੇ ਚਰਚਾ ਕਰਨ ਲਈ ਅੱਜ ਸ਼ਾਮੀਂ ਸੱਦੀ ਸਿਆਸੀ ਮੀਟਿੰਗ
ਨਵੀਂ ਦਿੱਲੀ,24 ਅਗਸਤ,ਦੇਸ਼ ਕਲਿਕ ਬਿਊਰੋ:
ਦਿੱਲੀ 'ਚ ਸ਼ਰਾਬ ਨੀਤੀ ਨੂੰ ਲੈ ਕੇ ਚੱਲ ਰਹੇ ਸਿਆਸੀ ਹੰਗਾਮੇ ਦਰਮਿਆਨ ਆਮ ਆਦਮੀ ਪਾਰਟੀ ਨੇ ਅੱਜ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਨਾਪਾਕ ਇਰਾਦਿਆਂ ਦਾ ਪਰਦਾਫਾਸ਼ ਹੋ ਚੁੱਕਾ ਹੈ। ਭਾਜਪਾ ਨੇ 'ਆਪ' ਵਿਧਾਇਕਾਂ ਨੂੰ 20 ਕਰੋੜ ਦੀ ਪੇਸ਼ਕਸ਼ ਕੀਤੀ ਹੈ।ਉਨ੍ਹਾਂ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਨ, ਭਾਜਪਾ ਕੋਲ ਇਸ ਤਰ੍ਹਾਂ ਨਹੀਂ ਵਿਕਣਗੇ।ਸੰਜੇ ਸਿੰਘ ਨੇ ਦਾਅਵਾ ਕੀਤਾ ਕਿ ਭਾਜਪਾ ਨੇ 'ਆਪ' ਦੇ ਚਾਰ ਵਿਧਾਇਕਾਂ ਸੰਜੀਵ ਝਾਅ ਅਤੇ ਸੋਮਨਾਥ ਭਾਰਤੀ, ਅਜੇ ਦੱਤ ਅਤੇ ਕੁਲਦੀਪ ਕੁਮਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ 20 ਕਰੋੜ ਦੀ ਪੇਸ਼ਕਸ਼ ਕੀਤੀ। ਪਰ ਭਾਜਪਾ ਦਿੱਲੀ ਵਿੱਚ ਆਪਣੇ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋਵੇਗੀ।ਇਸੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ 2-3 ਦਿਨਾਂ ਤੋਂ 'ਆਪ' ਦੇ ਕੁਝ ਵਿਧਾਇਕ ਮੈਨੂੰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਭਾਜਪਾ ਵੱਲੋਂ ਸੀਬੀਆਈ ਅਤੇ ਈਡੀ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ 'ਆਪ' ਛੱਡਣ ਲਈ ਪੈਸੇ ਦਾ ਲਾਲਚ ਦਿੱਤਾ ਜਾ ਰਿਹਾ ਹੈ,ਇਹ ਬਹੁਤ ਗੰਭੀਰ ਹੈ।ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਚਰਚਾ ਕਰਨ ਲਈ ਅਸੀਂ ਬੁੱਧਵਾਰ ਸ਼ਾਮ 4 ਵਜੇ ਆਪਣੀ ਸਿਆਸੀ ਮਾਮਲਿਆਂ ਦੀ ਬੈਠਕ ਬੁਲਾਈ ਹੈ।