ਨੋਇਡਾ,12 ਅਗਸਤ,ਦੇਸ਼ ਕਲਿਕ ਬਿਊਰੋ:
ਸੁਪਰੀਮ ਕੋਰਟ ਨੇ ਨੋਇਡਾ ਵਿੱਚ ਸੁਪਰਟੈਕ ਟਵਿਨ ਟਾਵਰਾਂ ਨੂੰ ਢਾਹੁਣ ਦੀ ਇਜਾਜ਼ਤ ਦੇ ਦਿੱਤੀ ਹੈ। ਟਵਿਨ ਟਾਵਰ 28 ਅਗਸਤ ਨੂੰ ਢਾਹ ਦਿੱਤੇ ਜਾਣਗੇ। ਹਾਲਾਂਕਿ, ਅਦਾਲਤ ਨੇ ਕਿਹਾ ਕਿ ਨੋਇਡਾ ਅਥਾਰਟੀ ਸਥਿਤੀ ਦੇ ਮੱਦੇਨਜ਼ਰ 4 ਸਤੰਬਰ ਤੱਕ ਇਸ ਨੂੰ ਢਾਹ ਸਕਦੀ ਹੈ। ਅਦਾਲਤ ਨੇ ਇਸ ਤੋਂ ਪਹਿਲਾਂ ਮਈ ਵਿੱਚ ਟਵਿਨ ਟਾਵਰਾਂ ਨੂੰ ਢਾਹੁਣ ਲਈ ਤਿੰਨ ਮਹੀਨੇ ਦੀ ਮੋਹਲਤ ਦਿੱਤੀ ਸੀ।ਨੋਇਡਾ ਅਥਾਰਟੀ ਨੇ 2006 ਵਿੱਚ ਸੈਕਟਰ-93ਏ ਵਿੱਚ 17.29 ਏਕੜ (ਲਗਭਗ 70 ਹਜ਼ਾਰ ਵਰਗ ਮੀਟਰ) ਜ਼ਮੀਨ ਸੁਪਰਟੈਕ ਨੂੰ ਅਲਾਟ ਕੀਤੀ ਸੀ। ਐਮਰਲਡ ਕੋਰਟ ਗਰੁੱਪ ਹਾਊਸਿੰਗ ਪ੍ਰਾਜੈਕਟ ਤਹਿਤ ਇਸ ਸੈਕਟਰ ਵਿੱਚ 15 ਟਾਵਰ ਬਣਾਏ ਗਏ ਸਨ। ਹਰੇਕ ਟਾਵਰ ਦੀਆਂ 11 ਮੰਜ਼ਿਲਾਂ ਸਨ। 2009 ਵਿੱਚ, ਸੁਪਰਟੈਕ ਬਿਲਡਰ ਨੇ ਨੋਇਡਾ ਅਥਾਰਟੀ ਨੂੰ ਇੱਕ ਸੰਸ਼ੋਧਿਤ ਯੋਜਨਾ ਸੌਂਪੀ।ਇਸ ਯੋਜਨਾ 'ਚ ਐਪੈਕਸ ਅਤੇ ਸਿਆਨ ਨਾਂ ਦੇ ਦੋ ਟਾਵਰਾਂ ਲਈ ਐਫਏਆਰ ਖ਼ਰੀਦਿਆ। ਬਿਲਡਰ ਨੇ ਇਨ੍ਹਾਂ ਦੋਵਾਂ ਟਾਵਰਾਂ ਲਈ 24 ਮੰਜ਼ਿਲਾਂ ਦੀ ਯੋਜਨਾ ਮਨਜ਼ੂਰ ਕਰਵਾ ਲਈ। ਇਸ 'ਤੇ ਬਿਲਡਰ ਨੇ 40 ਮੰਜ਼ਿਲਾਂ ਦੇ ਹਿਸਾਬ ਨਾਲ 857 ਫਲੈਟ ਬਣਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਵਿੱਚੋਂ 600 ਫ਼ਲੈਟਾਂ ਦੀ ਬੁੱਕਿੰਗ ਵੀ ਹੋ ਗਈ। ਬਹੁਤਿਆਂ ਨੇ ਫਲੈਟ ਦੀ ਰਕਮ ਵੀ ਜਮ੍ਹਾ ਕਰਵਾਉਣੀ ਸ਼ੁਰੂ ਕਰ ਦਿੱਤੀ।ਹਾਲਾਂਕਿ, ਕੁਝ ਦਿਨਾਂ ਬਾਅਦ ਖ਼ਰੀਦਦਾਰਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਨੂੰ ਢਾਹੁਣ ਲਈ ਇਲਾਹਾਬਾਦ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ। ਸੁਣਵਾਈ ਤੋਂ ਬਾਅਦ 11 ਅਪ੍ਰੈਲ 2014 ਨੂੰ ਹਾਈ ਕੋਰਟ ਨੇ ਦੋਵੇਂ ਟਾਵਰਾਂ ਨੂੰ ਢਾਹੁਣ ਦੇ ਹੁਕਮ ਦਿੱਤੇ ਸਨ। ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ।